ਨਵੀਂ ਦਿੱਲੀ, 16 ਜੂਨ
ਸੀਬੀਆਈ ਨੇ ਗੀਤਾਂਜਲੀ ਗਰੁੱਪ ਦੇ ਸਾਬਕਾ ਕੌਮਾਂਤਰੀ ਮੁਖੀ ਸੁਨੀਲ ਵਰਮਾ ਤੇ ਹੋਰਾਂ ਖ਼ਿਲਾਫ਼ ਵਾਧੂ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਮਾਮਲਾ ਭਾਰਤੀ ਬੈਂਕ ਪੀਐਨਬੀ ਨਾਲ ਕਥਿਤ ਅਰਬਾਂ ਰੁਪਏ ਦੀ ਧੋਖਾਧੜੀ ਕਰਨ ਨਾਲ ਜੁੜਿਆ ਹੋਇਆ ਹੈ। ਇਸੇ ਮਾਮਲੇ ਵਿਚ ਗਰੁੱਪ ਦਾ ਪ੍ਰਮੋਟਰ ਮੇਹੁਲ ਚੋਕਸੀ ਭਗੌੜਾ ਹੈ। ਚਾਰਜਸ਼ੀਟ ਵਿਚ ਹੁਣ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਦੋ ਅਧਿਕਾਰੀਆਂ- ਸਾਗਰ ਸਾਵੰਤ ਤੇ ਸੰਜੈ ਪ੍ਰਸਾਦ, ਗਰੁੱਪ ਦੇ ਬਰਾਂਡ ‘ਜਿਲੀ’ ਤੇ ‘ਨਕਸ਼ਤਰਾ’ ਦੇ ਡਾਇਰੈਕਟਰ ਧਨੇਸ਼ ਸੇਠ ਦਾ ਨਾਂ ਵੀ ਜੋੜਿਆ ਗਿਆ ਹੈ। ਚਾਰਜਸ਼ੀਟ ਵਿਚ ਇਹ ਵਾਧਾ ਪਹਿਲੀ ਚਾਰਜਸ਼ੀਟ ਦਾਇਰ ਕਰਨ ਤੋਂ ਤਿੰਨ ਸਾਲ ਬਾਅਦ ਕੀਤਾ ਗਿਆ ਹੈ। ਪਹਿਲੇ ਦੋਸ਼ ਪੱਤਰ ਵਿਚ ਚੋਕਸੀ ਤੇ ਉਸ ਦੀਆਂ ਕੰਪਨੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਦੂਜੇ ਪਾਸੇ ਡੌਮੀਨਿਕਾ ਦੀ ਅਦਾਲਤ ਵਿਚ ਵੀ ਭਗੌੜੇ ਕਾਰੋਬਾਰੀ ਚੋਕਸੀ ਖ਼ਿਲਾਫ਼ ਭਾਰਤ ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਉਹ ਐਂਟੀਗਾ ਤੇ ਬਾਰਬੂਡਾ ਤੋਂ ਫਰਾਰ ਹੋਣ ਮਗਰੋਂ ‘ਗ਼ੈਰਕਾਨੂੰਨੀ ਢੰਗ’ ਨਾਲ ਦਾਖਲ ਹੋਇਆ ਸੀ। -ਪੀਟੀਆਈ
ਚੋਕਸੀ ਦੀਆਂ ਕੰਪਨੀਆਂ ਨੇ ਧੋਖਾਧੜੀ ਰਾਹੀਂ ਹਾਸਲ ਕੀਤੇ ਸਨ ਪੀਐਨਬੀ ਤੋਂ 6344 ਕਰੋੜ ਰੁਪਏ : ਸੀਬੀਆਈ
ਸੀਬੀਆਈ ਨੂੰ ਪੀਐਨਬੀ ਘੁਟਾਲੇ ਦੀ ਜਾਂਚ ਦੌਰਾਨ ਪਤਾ ਚਲਿਆ ਹੈ ਕਿ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀਆਂ ਕੰਪਨੀਆਂ ਨੇ ਕਥਿਤ ਤੌਰ ’ਤੇ ਫਰਜ਼ੀ ਦਸਤਾਵੇਜ਼ਾਂ ਅਤੇ ਫੌਰਨ ਲੈਟਰਸ ਆਫ਼ ਕਰੈਡਿਟ ਦੀ ਵਰਤੋਂ ਕਰਕੇ ਪੀਐਨਬੀ ਤੋਂ 6344 ਕਰੋੜ ਰੁਪੲੇ ਹਾਸਲ ਕੀਤੇ ਸਨ। ਸੀਬੀਆਈ ਨੇ ਪਿਛਲੇ ਹਫ਼ਤੇ ਮੁੰਬਈ ਵਿੱਚ ਇਕ ਵਿਦੇਸ਼ ਅਦਾਲਤ ਵਿੱਚ ਦਾਖ਼ਲ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਇਹ ਗੱਲ ਕਹੀ ਹੈ।