ਇਕਬਾਲ ਸਿੰਘ ਸ਼ਾਂਤ
ਲੰਬੀ, 16 ਜੂਨ
ਲੰਬੀ ਹਲਕੇ ਦੇ ਅੱਠ ਪਿੰਡਾਂ ਦੇ ਸਰਪੰਚਾਂ ਅਤੇ ਸਰਪੰਚ ਪ੍ਰਤੀਨਿਧੀ-ਕਮ-ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਵੱਲੋਂ ਲੰਬੀ ਚੋਣ ਮੌਕੇ ਕਾਂਗਰਸੀਆਂ ਨੂੰ ਵਿਖਾਏ ਕਥਿਤ ਝੂਠੇ ਸੁਫ਼ਨਿਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਰਪੰਚਾਂ ਨੇ ਕਰਜ਼ਾ ਮੁਆਫ਼ੀ, ਬੇਅਦਬੀ, ਨਸ਼ਿਆਂ, ਘਰ-ਘਰ ਰੁਜ਼ਗਾਰ, ਮੋਬਾਈਲ ਫੋਨਾਂ ਜਿਹੇ ਚੋਣ ਵਾਅਦਿਆਂ ’ਤੇ ਮੁੱਖ ਮੰਤਰੀ ਦੀ ਘੇਰਾਬੰਦੀ ਕੀਤੀ ਹੈ। ਕੈਪਟਨ ਦੀ ਸਿਆਸੀ ਬੇਰੁੱਖੀ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ’ਚ ਜ਼ਿਲ੍ਹਾ ਕਾਂਗਰਸ ਦੇ ਸਕੱਤਰ ਦਰਸ਼ਨ ਸਿੰਘ ਵੜਿੰਗਖੇੜਾ, ਹਾਕੂਵਾਲਾ ਦੇ ਸਰਪੰਚ ਪ੍ਰਤੀਨਿਧੀ ਬਚਿੱਤਰ ਸਿੰਘ, ਭਾਗੂ ਦੇ ਸਰਪੰਚ ਪ੍ਰਤੀਨਿਧੀ ਜਸਵਿੰਦਰ ਸਿੰਘ, ਮਿਠੜੀ ਬੁੱਧਗਿਰ ਦੇ ਸਰਪੰਚ ਵਰਿੰਦਰ ਸਿੰਘ ਪੱਪੀ ਮਿਠੜੀ, ਕੱਖਾਂਵਾਲੀ ਦੇ ਸਰਪੰਚ ਦਲੀਪ ਸਿੰਘ, ਮਿੱਡੂਖੇੜਾ ਦੇ ਸਰਪੰਚ ਬਿੱਟੂ ਮਿੱਡੂਖੇੜਾ, ਭੁੱਲਰਵਾਲਾ ਦੇ ਸਰਪੰਚ ਪ੍ਰਤੀਨਿਧੀ ਸੁਖਰਾਜ ਰਾਜਾ ਅਤੇ ਫੱਤਾਕੇਰਾ ਦੇ ਸਰਪੰਚ ਗੁਰਨਾਮ ਸਿੰਘ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਕੰਮ ਕਰਨ ਵਾਲੇ ਪੰਚਾਂ-ਸਰਪੰਚਾਂ ਦੀ ਸੁਰੱਖਿਆ ਲਈ ਸਰਕਾਰ ਨੇ ਕੋਈ ਬੀਮੇ ਨਹੀਂ ਕਰਵਾਏ ਅਤੇ ਨਾ ਹੀ ਮੁੱਖ ਮੰਤਰੀ ਨੇ ਲੰਬੀ ਦੇ ਕਾਂਗਰਸੀਆਂ ਨਾਲ ਰਾਬਤਾ ਬਣਾ ਕੇ ਕਦੇ ਕੋਈ ਸਾਰ ਲਈ ਹੈ। ਲੰਬੀ ਹਲਕੇ ’ਚ 33 ਫ਼ੀਸਦੀ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ। ਮੁੱਖ ਮੰਤਰੀ ਦੀਆਂ ਵਾਅਦਾ-ਖਿਲਾਫ਼ੀਆਂ ਕਰਕੇ ਉਨ੍ਹਾਂ ਨੂੰ ਪਿੰਡਾਂ ’ਚ ਚੋਣਾਂ ਮੌਕੇ ਵੋਟਾਂ ਮੰਗਣੀਆਂ ਵੀ ਔਖੀਆਂ ਹੋ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਤੱਕ ਪਾਰਟੀ ਵੱਲੋਂ ਕਦੇ ਮਾਣ-ਸਤਿਕਾਰ ਨਹੀਂ ਮਿਲਿਆ। ਬਚਿੱਤਰ ਸਿੰਘ ਅਤੇ ਦਰਸ਼ਨ ਸਿੰਘ ਨੇ ਕਿਹਾ ਕਿ ਮਾਣ-ਸਤਿਕਾਰ ਲਈ ਛੇਤੀ ਹੀ ਇਕੱਠ ਕਰਕੇ ਹਾਈ ਕਮਾਂਡ ਤੋਂ ਇਨਸਾਫ਼ ਮੰਗਿਆ ਜਾਵੇਗਾ ਅਤੇ ਦਿੱਲੀ ਦਰਬਾਰ ਤੱਕ ਪਹੁੰਚ ਕੀਤੀ ਜਾਵੇਗੀ।