ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਜੂਨ
ਇਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ)ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਵੱਲੋਂ ਕੇਂਦਰ ਦੀ ਫਾਸੀਵਾਦੀ ਤਾਨਾਸ਼ਾਹ ਭਾਜਪਾ ਹਕੂਮਤ ਵੱਲੋਂ ਦੇਸ਼ ਦੀਆਂ ਜੇਲ੍ਹਾਂ ਵਿੱਚ ਡੱਕੇ ਜਮਹੂਰੀ ਕਾਰਕੁਨਾਂ ਅਤੇ ਬੁੱਧੀਜੀਵੀਆਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਕਿਸਾਨ ਜਥੇਬੰਦੀ ਦੇ ਸੂਬਾਈ ਆਗੂ ਸੁਖਦੇਵ ਸਿੰਘ ਕੋਕਰੀ ਨੇ ਜਮਹੂਰੀ ਹੱਕਾਂ ਦਾ ਦਮਨ ਕਰਨ ਵਾਲੇ ਕਾਲੇ ਕਾਨੂੰਨ ਰੱਦ ਕਰਵਾਉਣ, ਕਿਰਤੀ ਲੋਕਾਂ ਦੇ ਵਿਰੁੱਧ ਲਏ ਫ਼ੈਸਲਿਆਂ ਨੂੰ ਲਿਖ ਕੇ ਅਤੇ ਬੋਲ ਕੇ ਲੋਕਾਂ ’ਚ ਨਸ਼ਰ ਕਰਨ ਅਤੇ ਜਮਹੂਰੀ ਹੱਕਾਂ ਲਈ ਲੜ ਰਹੇ ਜੇਲ੍ਹਾਂ ’ਚ ਡੱਕੇ ਬੁੱਧੀਜੀਵੀਆਂ, ਕਵੀਆਂ, ਲੇਖਕਾਂ, ਵਿਦਿਆਰਥੀਆਂ ਤੋਂ ਸਮਾਜ ਸੇਵਕਾਂ ਦੀ ਰਿਹਾਈ ਦੀ ਮੰਗ ਕੀਤੀ। ਇਸ ਮੌਕੇ ਬਲੌਰ ਸਿੰਘ ਘਾਲੀ, ਅਮਰਜੀਤ ਸਿੰਘ ਸੈਦੋਕੇ, ਗੁਰਮੀਤ ਸਿੰਘ ਕਿਸ਼ਨਪੁਰਾ, ਗੁਰਭਿੰਦਰ ਕੋਕਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਭੀਮਾ ਕੋਰੇਗਾਉਂ ਦੇ ਕਥਿਤ ਝੂਠੇ ਕੇਸ ਅੰਦਰ ਗ੍ਰਿਫ਼ਤਾਰ ਕੀਤੇ ਬੁੱਧੀਜੀਵੀਆਂ ਨੂੰ ਤਿੰਨ ਸਾਲ ਤੋਂ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ ਦੇ ਕੋ-ਕਨਵੀਨਰ ਅਤੇ ਸਾਬਕਾ ਡੀਟੀਐਫ਼ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ, ਡੀਟੀਐੱਫ.ਆਗੂ ਜਗਵੀਰਨ ਕੌਰ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਯੂਨੀਅਨ ਆਗੂ ਸੁਰਿੰਦਰ ਰਾਮ ਕੁੱਸਾ, ਪਾਵਰਕੌਮ ਪੈਨਸਨਰਜ ਯੂਨੀਅਨ ਆਗੂ ਜੰਗੀਰ ਸਿੰਘ ਖੋਖਰ, ਟੀਐੱਸਯੂ ਆਗੂ ਰਛਪਾਲ ਸਿੰਘ ਡੇਮਰੂ ਨੇ ਦਿੱਲੀ ਹਾਈਕੋਰਟ ਵੱਲੋਂ ਨਤਾਸ਼ਾ ਨਰਵਾਲ ਤੇ ਦੋ ਹੋਰ ਸਾਥੀਆਂ ਨੂੰ ਜ਼ਮਾਨਤ ਦੇਣ ਦੇ ਫੈਸਲੇ ਖ਼ਿਲਾਫ਼ ਦਿੱਲੀ ਪੁਲੀਸ ਵੱਲੋਂ ਸੁਪਰੀਮ ਕੋਰਟ ’ਚ ਵਿਰੋਧ ਕਰਨ ਦੀ ਨਖੇਧੀ ਕੀਤੀ । ਇਸ ਮੌਕੇ ਸਾਬਕਾ ਭਾਜਪਾ ਆਗੂ ਤਰਲੋਚਨ ਸਿੰਘ ਗਿੱਲ,ਹਜੂਰਾ ਸਿੰਘ ਘਾਲੀ, ਬਲਵਿੰਦਰ ਸਿੰਘ ਰੋਡੇ ਕਵੀ ਹਰਨੇਕ ਸਿੰਘ ਨੇਕ, ਹਰਮੰਦਰ ਸਿੰਘ ਡੇਮਰੂ, ਬੂਟਾ ਸਿੰਘ ਭਾਗੀਕੇ,ਪ੍ਰੇਮ ਕੁਮਾਰ ਨੇ ਵਿਚਾਰ ਸਾਂਝੇ ਕੀਤੇ।