ਕਰਨ ਭੀਖੀ
ਭੀਖੀ, 16 ਜੂਨ
ਨੇੜਲੇ ਪਿੰਡ ਮੱਤੀ ਵਿੱਚ ਝੋਨੇ ਦੀ ਲਵਾਈ ਦੀ ਕੀਮਤ ਤਹਿ ਕਰਨ ਲਈ ਪੰਚਾਇਤ ਵਿੱਚ ਆਈ ਦਲਿਤ ਔਰਤ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਪਿੰਡ ਮੱਤੀ ਦੇ ਸੈਂਕੜੇ ਦਲਿਤ ਮਜ਼ਦੂਰ ਪਰਿਵਾਰਾਂ ਨੇ ਥਾਣਾ ਭੀਖੀ ਅੱਗੇ ਧਰਨਾ ਦੇ ਦਿੱਤਾ। ਦਰਖ਼ਾਸਤ ਦਿੰਦਿਆਂ ਉਨ੍ਹਾਂ ਮੰਗ ਕੀਤੀ ਕਿ ਪਿੰਡ ਦੇ ਸਰਪੰਚ ਦੇ ਘਰ ਪੰਚਾਇਤ ਵਿੱਚ ਬੁਲਾ ਕੇ ਕੁੱਟਮਾਰ ਕਰਨ ਵਾਲੇ ਲੋਕਾਂ ਖ਼ਿਲਾਫ਼ ਐੱਸ.ਸੀ/ਐੱਸ.ਟੀ ਐਕਟ ਤਹਿਤ ਪਰਚਾ ਦਰਜ ਕੀਤਾ ਜਾਵੇ। ਇਸ ਸਮੇਂ ਜਥੇਬੰਦੀ ਨੇ ਐਲਾਨ ਕੀਤਾ ਕਿ 17 ਜੂਨ ਨੂੰ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਪਿੰਡ ਮੱਤੀ ਵਿੱਚ ਦਲਿਤ ਲਲਕਾਰ ਰੈਲੀ ਕੀਤੀ ਜਾਵੇਗੀ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕਿਹਾ ਪਿੰਡ ਦੀ ਸਰਪੰਚ ਨੇ ਦਲਿਤ ਮਜ਼ਦੂਰਾਂ ਨੂੰ ਆਪਣੇ ਘਰ ਪੰਚਾਇਤ ਵਿੱਚ ਬੁਲਾ ਕੇ ਦਲਿਤ ਔਰਤ ਦੀ ਕੁੱਟਮਾਰ ਕਰਨ ਅਤਿ ਨਿੰਦਣਯੋਗ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਘਟਨਾ ਦੇ ਮੁਲਜ਼ਮਾਂ ਖ਼ਿਲਾਫ਼ ਜੇ ਪੁਲੀਸ ਨੇ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਮਜ਼ਦੂਰ ਜਥੇਬੰਦੀ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਪੀੜਿਤ ਗੁਰਪ੍ਰੀਤ ਕੌਰ ਦੇ ਪਤੀ ਹਿੰਮਤ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਸਦੀ ਪਤਨੀ ਪੰਚਾਇਤ ਵਿੱਚ ਝੋਨੇ ਦੀ ਲਵਾਈ ਕੀਮਤ ਤਹਿ ਕਰਨ ਸਬੰਧੀ ਗਈ ਸੀ, ਜਿਥੇ ਪੰਚ ਗੁਰਮੀਤ ਕੌਰ ਦੇ ਪਤੀ ਗੋਰਾ ਸਿੰਘ ਨੇ ਹੱਥੋਪਾਈ ਕੀਤੀ।
ਸਰਪੰਚ ਦਾ ਪੱਖ
ਮੱਤੀ ਦੀ ਸਰਪੰਚ ਸੁਖਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਝੋਨੇ ਦੀ ਲਵਾਈ ਸਬੰਧੀ ਮਜ਼ਦੂਰਾਂ ਤੇ ਕਿਸਾਨਾਂ ਦੀ ਮੀਟਿੰਗ ਬੁਲਾਈ ਗਈ ਸੀ, ਇਸ ਦੌਰਾਨ ਗੋਰਾ ਸਿੰਘ ਨਾਲ ਕੁਝ ਮਜ਼ਦੂਰ ਔਰਤਾਂ ਦੀ ਬਹਿਸਬਾਜ਼ੀ ਹੋ ਗਈ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਪੁਲੀਸ ਅਧਿਕਾਰੀ
ਉਕਤ ਮਾਮਲੇ ਬਾਰੇ ਥਾਣਾ ਭੀਖੀ ਦੇ ਡਿਊਟੀ ਇੰਚਾਰਜ ਸਹਾਹਿਕ ਥਾਣੇਦਾਰ ਬਲਜਿੰਦਰ ਸਿੰਘ ਦੱਸਿਆ ਨੇ ਕਿ ਪੀੜਤ ਪਰਿਵਾਰ ਵੱਲੋਂ ਆਈ ਦਰਖ਼ਾਸਤ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ।