ਆਤਿਸ਼ ਗੁਪਤਾ/ਮਹਾਂਵੀਰ ਮਿੱਤਲ
ਚੰਡੀਗੜ੍ਹ/ਜੀਂਦ, 16 ਜੂਨ
ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ ਦੇ ਖਟਕੜ ਟੌਲ ਪਲਾਜ਼ਾ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਲੰਘੀ ਰਾਤ ਇੱਕ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ 55 ਸਾਲਾ ਸਤਪਾਲ ਵਾਸੀ ਪਿੰਡ ਖਟਕੜ (ਜੀਂਦ) ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਤਪਾਲ ਪਿਛਲੇ ਸਾਢੇ 6 ਮਹੀਨਿਆਂ ਤੋਂ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਰਿਹਾ ਸੀ।
ਖਟਕੜ ਟੌਲ ਪਲਾਜ਼ਾ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਆਜ਼ਾਦ ਪਲਵਾ ਨੇ ਦੱਸਿਆ ਕਿ ਸਤਪਾਲ ਪਹਿਲੇ ਦਿਨ ਤੋਂ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਰਿਹਾ ਹੈ। ਉਹ ਕਈ ਵਾਰ ਦਿੱਲੀ ਸੰਘਰਸ਼ ਵਿੱਚ ਵੀ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ ਨੂੰ ਖਟਕੜ ਟੌਲ ਪਲਾਜ਼ਾ ’ਤੇ ਰੋਜ਼ਾਨਾ ਦੀ ਤਰ੍ਹਾਂ ਕਿਸਾਨਾਂ ਨਾਲ ਆਰਾਮ ਕਰ ਰਿਹਾ ਸੀ। ਜਦੋਂ ਸਵੇਰੇ 4 ਵਜੇ ਦੇ ਕਰੀਬ ਉੱਠ ਕੇ ਵੇਖਿਆ ਤਾਂ ਸਤਪਾਲ ਦੀ ਮੌਤ ਹੋ ਚੁੱਕੀ ਸੀ। ਜਿਸ ਦੀ ਜਾਣਕਾਰੀ ਪੁਲੀਸ ਤੇ ਪੀੜਤ ਪਰਿਵਾਰ ਨੂੰ ਦਿੱਤੀ। ਪੁਲੀਸ ਜਾਂਚ ਤੋਂ ਬਾਅਦ ਮ੍ਰਿਤਕ ਕਿਸਾਨ ਦਾ ਸਸਕਾਰ ਕਰ ਦਿੱਤਾ ਗਿਆ। ਸ੍ਰੀ ਪਲਵਾ ਨੇ ਦੱਸਿਆ ਕਿ ਸਤਪਾਲ ਸਿੰਘ ਦੇ ਦੋ ਲੜਕੇ ਅਤੇ ਇਕ ਲੜਕੀ ਹੈ। ਉਹ ਇੱਕ ਏਕੜ ਜ਼ਮੀਨ ਦਾ ਮਾਲਕ ਸੀ। ਉਨ੍ਹਾਂ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਸਤਪਾਲ ਸਿੰਘ ਦੇ ਇਕ ਲੜਕੇ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ।