ਬਾਹਦਰਗੜ੍ਹ(ਹਰਿਆਣਾ), 17 ਜੂਨ
ਸੂਬੇ ਵਿੱਚ ਚਾਰ ਵਿਅਕਤੀਆਂ ਨੇ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਾ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਵੀਰਵਾਰ ਨੂੰ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਚਾਰੇ ਮੁਲਜ਼ਮ ਕੌਮੀ ਰਾਜਧਾਨੀ ਦਿੱਲੀ ਨੇੜੇ ਟਿਕਰੀ ਬਾਰਡਰ ’ਤੇ ਚਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹਨ। ਪੁਲੀਸ ਅਨੁਸਾਰ ਮਿ੍ਤਕ ਦੀ ਪਛਾਣ ਝੱਜਰ ਜ਼ਿਲ੍ਹੇ ਦੇ ਬਹਾਦਰਗੜ੍ਹ ਦੇ ਕਸਰਾ ਪਿੰਡ ਦੇ ਵਸਨੀਕ ਮੁਕੇਸ਼(42)ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਮੁਕੇਸ਼ ਦੇ ਭਰਾ ਨੇ ਸ਼ਿਕਾਇਤ ਦਿੱਤੀ ਹੈ ਕਿ ਟਿਕਰੀ ਬਾਰਡਰ ’ਤੇ ਚਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਚਾਰ ਲੋਕਾਂ ਨੇ ਬੁੱਧਵਾਰ ਸ਼ਾਮ ਨੂੰ ਮੁਕੇਸ਼ ਨੂੰ ਕਥਿਤ ਤੌਰ ’ਤੇ ਜ਼ਿੰਦਾ ਸਾੜ ਦਿੱਤਾ ਸੀ। ਘਟਨਾ ਵੇਲੇ ਚਾਰੇ ਮੁਲਜ਼ਮ ਨਸ਼ੇ ਵਿੱਚ ਧੁੱਤ ਸਨ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। ਇਕ ਮੁਲਜ਼ਮ ਦੀ ਪਛਾਣ ਜੀਂਦ ਦੇ ਵਸਨੀਕ ਵਜੋਂ ਹੋਈ ਹੈ। ਵੀਰਵਾਰ ਨੂੰ ਪਿੰਡ ਵਾਲਿਆਂ ਤੇ ਪੀੜਤ ਦੇ ਰਿਸ਼ਤੇਦਾਰਾਂ ਨੇ ਪੀੜਤ ਪਰਿਵਾਰ ਨੂੰ ਮਦਦ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ।-ਏਜੰਸੀ