ਲਾਜਵੰਤ ਸਿੰਘ
ਨਵਾਂਸ਼ਹਿਰ, 17 ਜੂਨ
ਕਿਰਤੀ ਕਿਸਾਨ ਯੂਨੀਅਨ ਦਾ ਜਥਾ ਦਿੱਲੀ ਦੇ ਸਿੰਘੂ ਬਾਰਡਰ ’ਤੇ ਚੱਲਦੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਲਈ ਨਵਾਂਸ਼ਹਿਰ ਤੋਂ ਰਵਾਨਾ ਹੋਇਆ, ਜਿਸ ਵਿਚ ਔਰਤਾਂ ਵੀ ਸ਼ਾਮਲ ਸਨ। ਕਿਸਾਨਾਂ ਦੇ ਜਥੇ ਨੂੰ ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਅੱਗੇ ਚੱਲਦੇ ਧਰਨੇ ਤੋਂ ਰਵਾਨਾ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਅਤੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ ਭਾਵੇਂ ਕਿਸਾਨ ਝੋਨਾ ਲਾਉਣ ਦੇ ਕੰਮਾਂ ਵਿਚ ਰੁੱਝੇ ਹੋਏ ਹਨ ਪਰ ਫਿਰ ਵੀ ਕਿਸਾਨ ਦਿੱਲੀ ਮੋਰਚੇ ਦੀ ਰੰਗਤ ਫਿੱਕੀ ਨਹੀਂ ਪੈਣ ਦੇ ਰਹੇ। ਉਨ੍ਹਾਂ ਦੀ ਦਿੱਲੀ ਵਲ ਵਹੀਰਾਂ ਘੱਤਣ ਦੀ ਲਗਾਤਾਰਤਾ ਜਾਰੀ ਹੈ। ਕਿਸਾਨ ਚਾਹੁੰਦੇ ਹਨ ਕਿ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲਦਾ ਘੋਲ ਹਰ ਹਾਲਤ ਵਿਚ ਜਿੱਤਿਆ ਜਾਵੇ। ਜਥੇ ਵਿਚ ਸ਼ਾਮਲ ਪਿਆਰ ਸਿੰਘ ਮਹਿਰਮਪੁਰ, ਇੰਦਰਜੀਤ ਮਹਿਰਮਪੁਰ, ਮਨਜੀਤ ਕੌਰ ਅਲਾਚੌਰ, ਸੁਖਵਿੰਦਰ ਕੌਰ ਉੱਚੀ ਪੱਲੀ, ਗੁਰਚਰਨ ਕੌਰ ਉੱਚੀ ਪੱਲੀ, ਹਰਬੰਸ ਕੌਰ, ਜੈਸਲੀਨ, ਕੁਲਦੀਪ ਸਿੰਘ ਕਾਜਮਪੁਰ, ਦਲਜੀਤ ਸਿੰਘ, ਭਜਨ ਸਿੰਘ ਸਹੂੰਗੜਾ ਅਤੇ ਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਇਸ ਮੌਕੇ ਕੁਲਵਿੰਦਰ ਸਿੰਘ ਵੜੈਚ, ਮਹਿੰਦਰ ਸਿੰਘ, ਬੂਟਾ ਸਿੰਘ, ਸੁਰਿੰਦਰ ਸਿੰਘ ਮਹਿਰਮਪੁਰ, ਸੁਰਜੀਤ ਕੌਰ ਉਟਾਲ, ਪਰਮਜੀਤ ਸਿੰਘ ਸ਼ਹਾਬਪੁਰ ਆਦਿ ਸ਼ਾਮਲ ਸਨ।
ਦਿੱਲੀ ਮੋਰਚੇ ਲਈ ਸਾਈਕਲ ’ਤੇ ਰਵਾਨਾ ਹੋਇਆ ਜਸਵੀਰ ਸਿੰਘ
ਨਵਾਂਸ਼ਹਿਰ ਦੇ ਨੇੜਲੇ ਪਿੰਡ ਪੁੰਨੂ ਮਜਾਰਾ ਦੇ 52 ਸਾਲਾ ਜਸਵੀਰ ਸਿੰਘ ਅੰਦਰ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨੀ ਘੋਲ ਨੇ ਅਜਿਹੀ ਖਿੱਚ ਪਾਈ ਕਿ ਜਜ਼ਬਿਆਂ ਨਾਲ ਭਰਪੂਰ ਇਹ 52 ਸਾਲਾ ਬਜ਼ੁਰਗ ਨੌਜਵਾਨ ਸਾਈਕਲ ’ਤੇ ਹੀ ਦਿੱਲੀ ਵੱਲ ਤੁਰ ਪਿਆ। ਉਸਦਾ ਕਹਿਣਾ ਹੈ ਹਿੰਮਤ ਅਤੇ ਹੌਸਲਾ ਬਰਕਰਾਰ ਰਹੇ ਤਾਂ ਮੰਜ਼ਿਲ ਆਪਣੇ ਆਪ ਮਿਲ ਜਾਂਦੀ ਹੈ। ਜਸਵੀਰ ਸਿੰਘ ਨੂੰ ਨਵਾਂਸ਼ਹਿਰ ਤੋਂ ਤੋਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਹਰਮੇਸ਼ ਸਿੰਘ ਢੇਸੀ, ਕੁਲਵਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਜਿਸ ਘੋਲ ਦਾ ਹਿੱਸਾ ਅਜਿਹੇ ਜਿੰਦਾਦਿੱਲ ਇਨਸਾਨ ਹੋਣ ਉਸ ਘੋਲ ਨੂੰ ਮੈਦਾਨ ਜਿੱਤਣ ਤੋਂ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ।