ਟ੍ਰਿਬਿਊਨ ਨਿਊਜ਼ ਸਰਵਿਸ
ਸਰੀ, 17 ਜੂਨ
ਕੈਨੇਡਾ ਦੇ ਆਨਲਾਈਨ ਮੈਗਜ਼ੀਨ ‘ਰੈਡੀਕਲ ਦੇਸੀ’ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲਿਆਂ ਦਾ ਸਨਮਾਨ ਕੀਤਾ ਹੈ। ਇਨ੍ਹਾਂ ਵਿਚ ਵੈਨਕੂਵਰ ਸਿਟੀ ਕੌਂਸਲਰ ਜੀਨ ਸਵੈਨਸਨ, ਕੁਲੀਸ਼ਨ ਅਗੇਂਸਟ ਬਿਗਟ੍ਰੀ ਦੇ ਮੋਢੀ ਇਮਤਿਆਜ਼ ਪੋਪਟ, ਉਘੇ ਸ਼ਾਇਰ ਸ਼ੈਰੀ ਦੁੱਗਲ, ਬ੍ਰਿਟਿਸ਼ ਕੋਲੰਬੀਆ ਭਰ ਵਿਚ ਕਿਸਾਨ ਮਜ਼ਾਹਰਿਆਂ ਦੇ ਪ੍ਰਬੰਧਕ ਦੁਪਿੰਦਰ ਕੌਰ ਸਰਨ ਤੇ ਇਸ਼ਵਿੰਦਰ ਸਿੰਘ ਅਤੇ ਓਟਵਾ ਯੂਨੀਵਰਸਿਟੀ ਦੀ ਵਿਦਿਆਰਥਣ ਸਾਹਿਬ ਕੌਰ ਧਾਲੀਵਾਲ ਸ਼ਾਮਿਲ ਹਨ।
ਵੈਨਕੂਵਰ ਸਿਟੀ ਕੌਂਸਲਰ ਜੀਨ ਸਵੈਨਸਨ ਨੇ ਭਾਰਤੀ ਖੇਤੀ ਕਾਨੂੰਨਾਂ ਖਿ਼ਲਾਫ਼ ਵੈਨਕੂਵਰ ਸਿਟੀ ਕੌਂਸਲ ਵਿਚ ਮਤਾ ਲਿਆਂਦਾ ਸੀ। ਦੁਪਿੰਦਰ ਕੌਰ ਸਰਨ ਅਤੇ ਇਸ਼ਵਿੰਦਰ ਸਿੰਘ ਨੇ ਕੈਮਲੂਪਸ ਦੇ ਰੈਜ਼ੀਡੈਂਸ਼ੀਅਲ ਸਕੂਲ ਵਿਚ ਮਾਰੇ ਗਏ 215 ਮੂਲਵਾਸੀ ਬੱਚਿਆਂ ਦੀ ਯਾਦ ਵਿਚ ਸਰੀ ਵਿਚ ਦੱਖਣੀ ਏਸਿ਼ਆਈ ਭਾਈਚਾਰੇ ਅੰਦਰ ਜਾਗਰੂਕਤਾ ਫੈਲਾਉਣ ਲਈ ਖਾਸ ਰੋਲ ਨਿਭਾਇਆ। ਸ਼ੈਰੀ ਦੁੱਗਲ ਨੇ ਕਿਸਾਨ ਜੱਦੋਜਹਿਦ ਦੇ ਹੱਕ ਵਿਚ ਦੋ ਕਵਿਤਾਵਾਂ ਲਿਖੀਆਂ। ਇਮਤਿਆਜ਼ ਪੋਪਟ ਨੇ ਸਵੈਨਸਨ ਦੇ ਲਿਆਂਦੇ ਮਤੇ ਦੇ ਹੱਕ ਵਿਚ ਸਮਰਥਨ ਜੁਟਾਇਆ ਸੀ। ਉਹ ਕੈਨੇਡਾ ਵਿਚ ਵਧ ਰਹੇ ਨਸਲਵਾਦ ਖਿ਼ਲਾਫ਼ ਵੀ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਸਾਹਿਬ ਕੌਰ ਧਾਲੀਵਾਲ ਨੇ ਯੂਥ ਪਾਰਲੀਮੈਂਟ ਸੈਸ਼ਨ ਦੌਰਾਨ ਕਿਸਾਨਾਂ ਦੇ ਮੁੱਦੇ ਉਠਾਏ।
ਇਨ੍ਹਾਂ ਛੇਆਂ ਜਣਿਆਂ ਨੂੰ ਵੱਖ ਵੱਖ ਮੌਕਿਆਂ ‘ਤੇ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ। ਯਾਦ ਰਹੇ ਕਿ ‘ਰੈਡੀਕਲ ਦੇਸੀ’ 2014 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਮਨੁੱਖੀ ਹੱਕਾਂ ਸਮੇਤ ਇਹ ਵੱਖ ਵੱਖ ਮੁੱਦਿਆਂ ’ਤੇ ਆਵਾਜ਼ ਬੁਲੰਦ ਕਰਦਾ ਰਿਹਾ ਹੈ।