ਬੇਅੰਤ ਸਿੰਘ ਸੰਧੂ
ਪੱਟੀ, 17 ਜੂਨ
ਇਲਾਕੇ ਦੇ ਪਿੰਡ ਕੋਟਬੁੱਢਾ ਨਜ਼ਦੀਕ ਲੰਘਦੇ ਸਤਲੁਜ ਦਰਿਆ ’ਚੋਂ ਪਿਛਲੇ ਕਰੀਬ 15 ਦਿਨਾਂ ਤੋਂ ਰੇਤ ਮਾਫ਼ੀਏ ਵੱਲੋਂ ਕੋਟਬੁੱਢਾ ਪੁਲ ਦੇ ਨਜ਼ਦੀਕ ਨਾਜਾਇਜ਼ ਰੇਤੇ ਦੀ ਮਾਈਨਿੰਗ ਧੜੱਲੇ ਨਾਲ ਕੀਤੀ ਜਾ ਰਹੀ ਹੈ। ਜਦੋਂ ਕਿ ਐੱਸਡੀਐੱਮ ਪੱਟੀ ਦੇ ਦੱਸਣ ਮੁਤਾਬਕ ਸੂਬਾ ਸਰਕਾਰ ਵੱਲੋਂ ਪੱਟੀ ਇਲਾਕੇ ਅੰਦਰ ਰੇਤੇ ਦੀ ਮਾਈਨਿੰਗ ਕਰਨ ਵਾਸਤੇ ਕੋਈ ਖੱਡ ਨਿਰਧਾਰਤ ਨਹੀਂ ਕੀਤੀ ਹੈ। ਦੱਸਣਯੋਗ ਹੈ ਇਲਾਕੇ ਅੰਦਰ ਪੁਲੀਸ ਵੱਲੋ ਰੇਤੇ ਦੀ ਢੋਆ-ਢੁਆਈ ਕਰਨ ਵਾਲੇ ਟਰੈਕਟਰ ਟਰਾਲੀਆਂ ’ਤੇ ਪਰਚੇ ਦਰਜ ਕੀਤੇ ਗਏ ਹਨ ਪਰ ਰੇਤੇ ਦੀਆਂ ਖੱਡਾਂ ਚਲਾਉਣ ਵਾਲੇ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੁਲ ਨਜ਼ਦੀਕ ਦਰਿਆ ਦੇ ਅੰਦਰੂਨੀ ਹਿੱਸੇ ਵਿੱਚ ਰੇਤੇ ਦੇ ਵੱਡੇ ਭੰਡਾਰ ਨੂੰ ਡੀਸਿਲਟ ਨੀਤੀ ਤਹਿਤ ਰੇਤ ਮਾਫ਼ੀਏ ਦੇ ਹੱਥਾਂ ਵਿੱਚ ਦੇਣਾ ਸੂਬਾ ਸਰਕਾਰ ਤੇ ਮਾਈਨਿੰਗ ਵਿਭਾਗ ਦੀ ਅਲ਼ਾਟਮੈਂਟ ਨੀਤੀ ’ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਮਾਈਨਿੰਗ ਵਿਭਾਗ ਦੇ ਐੱਸਡੀਓ ਤੇ ਇੰਸਪੈਕਟਰ ਨੇ ਇਸ ਮਾਈਨਿੰਗ ਨੂੰ ਕਾਨੂੰਨੀ ਦੱਸਦਿਆਂ ਕਿਹਾ ਕਿ ਦਰਿਆ ਦੇ ਪਾਣੀ ਦੇ ਵਹਾਅ ਅੰਦਰ ਪੈਦਾ ਹੁੰਦੀ ਰੁਕਾਵਟ ਨੂੰ ਦੂਰ ਕਰਨ ਲਈ ਡੀਸਿਲਟ ਨੀਤੀ ਤਹਿਤ ਕੁਝ ਏਰੀਏ ਦੀ ਨਿਸ਼ਾਨਦੇਹੀ ਕੀਤੀ ਗਈ ਸੀ, ਜਿਸ ਉਪਰ ਫ਼ਰੈਡਜ਼ ਐਂਡ ਕੰਪਨੀ ਦਾ ਕੰਮ ਚੱਲ ਰਿਹਾ ਹੈ।
ਪੁਲ ਨੇੜੇ ਚੱਲ ਰਹੀ ਮਾਈਨਿੰਗ ਨਾਜਾਇਜ਼: ਐੱਸਡੀਐੱਮ
ਇਸ ਮਾਮਲੇ ਸਬੰਧੀ ਐੱਸਡੀਐੱਮ ਰਾਜੇਸ਼ ਸਰਮਾ ਨੇ ਕਿਹਾ ਡੀਸਿਲਟ ਨੀਤੀ ਤਹਿਤ ਜਾਰੀ ਕੀਤਾ ਗਿਆ ਖਸਰਾ ਨੰਬਰ ਕੋਈ ਹੋਰ ਹੈ ਤੇ ਪੁਲ ਦੇ ਨਜ਼ਦੀਕ ਹੋ ਰਹੀ ਮਾਈਨਿੰਗ ਪੂਰੀ ਤਰ੍ਹਾਂ ਨਾਲ ਗਲਤ ਹੈ ਅਤੇ ਪੁਲ ਦੇ 1000 ਮੀਟਰ ਅੰਦਰ ਤੱਕ ਕਿਸੇ ਕਿਸਮ ਦੀ ਮਾਈਨਿੰਗ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਲਿਖਤੀ ਰੂਪ ਵਿੱਚ ਸਬੰਧਤ ਅਧਿਕਾਰੀਆਂ ਦੀ ਜਵਾਬ ਤਲਬੀ ਕਰਨਗੇ।