ਸ਼ਗਨ ਕਟਾਰੀਆ
ਜੈਤੋ, 17 ਜੂਨ
ਅਕਾਲ ਤਖ਼ਤ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਅੱਜ ਇਥੇ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ (10ਵੀਂ ਪਾਤਸ਼ਾਹੀ) ਵਿੱਚ ਸਥਿਤ ਉਹ ਵਿਰਾਸਤੀ ਖੂਹ ਵੇਖਣ ਪਹੁੰਚੇ, ਜਿਸ ਵਿੱਚੋਂ 15 ਜੂਨ ਨੂੰ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਸੀ।
ਇਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੀ ਕਠਪੁਤਲੀ ਦੱਸਦਿਆਂ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਸਾਜਿਸ਼ ਤਹਿਤ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਏਨਾ ਕੁ ਢਿੱਲਾ ਹੈ ਕਿ ਉਸ ਦੇ ਪ੍ਰਬੰਧਕਾਂ ਦੀ ਨਿਗਰਾਨੀ ’ਚੋਂ 328 ਪਾਵਨ ਸਰੂਪ ਗਾਇਬ ਹੋ ਗਏ ਪਰ ਕਮੇਟੀ ਮਾਮਲੇ ’ਤੇ ਮਿੱਟੀ ਪਾਉਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਤੋਂ ਲੈ ਕੇ ਹੁਣ ਦਮਦਮਾ ਸਾਹਿਬ ਦੀ ਧਰਤੀ ’ਤੇ ਬੇਹੁਰਮਤੀ ਦੇ ਅਨੇਕਾਂ ਮਾਮਲੇ ਵਾਪਰੇ ਹਨ ਪਰ ਸ਼੍ੋਮਣੀ ਕਮੇਟੀ ਦੇ ਅਹੁਦੇਦਾਰਾਂ ’ਚ ਨੈਤਿਕਤਾ ਨਹੀਂ ਜਾਗੀ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਇਸ ਮਾਮਲੇ ਸਬੰਧੀ ਸਿੱਖ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਜਾਂ ਫਿਰ ਅਸਤੀਫ਼ਾ ਦੇ ਕੇ ਪ੍ਰਧਾਨਗੀ ਤੋਂ ਪਾਸੇ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਘਟਨਾ ਵਾਪਰੀ ਹੋਵੇ ਤਾਂ ਪ੍ਰਧਾਨ ਸਮੇਤ ਕਮੇਟੀ ਦੇ ਕਾਰਜਕਾਰੀ ਮੈਂਬਰਾਂ ਨੂੰ ਪੈਰੀਂ ਬਗ਼ੈਰ ਜੁੱਤੀ ਪਾਏ ਇਥੇ ਪਹੁੰਚਣਾ ਚਾਹੀਦਾ ਸੀ।
ਜਥੇਦਾਰ ਮੰਡ ਨੇ ਸ਼੍ੋਮਣੀ ਕਮੇਟੀ ’ਚ ਨਿਘਾਰ ਆਉਣ ਦੇ ਦੋਸ਼ ਲਾਉਂਦਿਆਂ ਆਗ਼ਾਮੀ ਚੋਣਾਂ ’ਚ ਚੰਗੇ ਗੁਰਸਿੱਖਾਂ ਨੂੰ ਕਮੇਟੀ ਮੈਂਬਰ ਬਣਾਉਣ ਲਈ ਸੰਗਤ ਨੂੰ ਅਪੀਲ ਕਰਨ ਦੇ ਨਾਲ-ਨਾਲ ਸਰਕਾਰ ਤੋਂ ਚੋਣਾਂ ਜਲਦੀ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਬੀਬੀ ਰਾਜਿੰਦਰ ਕੌਰ ਜੈਤੋ, ਸੁਰਜੀਤ ਸਿੰਘ ਅਰਾਈਆਂ ਵਾਲਾ ਸਮੇਤ ਹੋਰ ਪੰਥਕ ਆਗੂ ਵੀ ਹਾਜ਼ਰ ਸਨ।
ਚੋਟੀ ਦੇ ਵਕੀਲਾਂ ਦੀਆਂ ਸੇਵਾਵਾਂ ਲਵਾਂਗੇ: ਕਾਹਨ ਸਿੰਘ ਵਾਲਾ
ਜੈਤੋ ਪਹੁੰਚੇ ਸ਼੍ੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੂੰ ਬਾਦਲ ਪਾਰਟੀ ਦੀ ਸਰਪ੍ਰਸਤੀ ਹਾਸਿਲ ਸੀ। ਉਨ੍ਹਾਂ ਕਿਹਾ ਕਿ ਅਜਿਹੀ ਵਾਰਦਾਤ ਸਾਢੇ ਕੁ ਤਿੰਨ ਸਾਲ ਪਹਿਲਾਂ ਵੀ ਇਥੇ ਹੋਈ ਸੀ ਪਰ ਉਸ ਵੇਲੇ ਦਬਾਅ ਦਿੱਤੀ ਗਈ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਗਵਾਹ ਮੁਕਰਾਏ ਜਾਣ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੋਸ਼ੀਆਂ ਨੂੰ ਅਸਲ ਅੰਜਾਮ ਤੱਕ ਪਹੁੰਚਾਉਣ ਲਈ ਉੱਚ ਕੋਟੀ ਦੇ ਵਕੀਲ ਰਾਹੀਂ ਕੇਸ ਦੀ ਪੈਰਵੀ ਕਰੇਗੀ।