ਜਗਤਾਰ ਸਮਾਲਸਰ
ਏਲਨਾਬਾਦ,17 ਜੂਨ
ਇੱਥੋਂ ਦੇ ਪਿੰਡ ਸ਼ੇਖੂਖੇੜਾ ਵਿੱਚ ਨਾਕਸ ਬਿਜਲੀ ਸਪਲਾਈ ਤੋਂ ਤੰਗ ਆਏ ਲੋਕਾਂ ਨੇ ਅੱਜ ਲਾਗਲੇ ਪਿੰਡ ਪੱਟੀ ਕਿਰਪਾਲ ਦੇ ਬਿਜਲੀ ਘਰ ਸਾਹਮਣੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਇੱਕਠੇ ਹੋਏ ਸਰਪੰਚ ਕੇਵਲ ਸਿੰਘ, ਮਹਿੰਦਰ ਸਿੰਘ, ਜਗਸੀਰ ਸਿੰਘ,ਅਮਰਜੀਤ ਸਿੰਘ, ਗੁਲਾਬ ਸਿੰਘ,ਪ੍ਰੀਤਮ ਸਿੰਘ, ਕਿੱਕਰ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਸਪਲਾਈ ਇੱਥੋਂ ਕਰੀਬ 15 ਕਿਲੋਮੀਟਰ ਦੂਰ ਭੁਰਟਵਾਲਾ ਸਬ-ਸਟੇਸ਼ਨ ਤੋਂ ਦਿੱਤੀ ਜਾ ਰਹੀ ਹੈ ਜਦੋਂਕਿ ਪਿਛਲੇ ਕਰੀਬ ਢਾਈ ਸਾਲ ਤੋਂ ਉਨ੍ਹਾਂ ਦੇ ਬਿਲਕੁਲ ਨਾਲ ਲੱਗਦੇ ਪੱਟੀ ਕਿਰਪਾਲ ਪਿੰਡ ਵਿੱਚ ਵੀ ਸਬ-ਸ਼ਟੇਸਨ ਬਣਿਆ ਹੋਇਆ ਹੈ। ਲੋਕਾਂ ਨੇ ਦੱਸਿਆ ਕਿ ਐਨੀ ਦੂਰ ਤੋਂ ਬਿਜਲੀ ਆਉਣ ਕਾਰਨ ਜਦੋ ਵੀ ਪਿਛਲੇ ਪਿੰਡਾਂ ਵਿੱਚ ਕੋਈ ਨੁਕਸ ਪੈਦਾ ਹੈ ਤਾਂ ਉਨ੍ਹਾਂ ਦੀ ਬਿਜਲੀ ਸਪਲਾਈ ਵੀ ਕੱਟ ਦਿੱਤੀ ਜਾਂਦੀ ਹੈ। ਪਿੰਡ ਦੇ ਸਰਪੰਚ ਕੇਵਲ ਸਿੰਘ ਨੇ ਦੱਸਿਆ ਕਿ 12 ਜੂਨ ਨੂੰ ਹਨੇਰੀ ਆਈ ਸੀ ਉਸ ਸਮੇਂ ਖੰਭੇ ਟੁੱਟਣ ਨਾਲ ਬਿਜਲੀ ਸਪਲਾਈ ਬੰਦ ਹੋ ਗਈ ਸੀ ਜੋ ਆਸਪਾਸ ਦੀਆ ਢਾਣੀਆਂ ਵਿੱਚ ਅਜੇ ਵੀ ਬਹਾਲ ਨਹੀਂ ਹੋ ਸਕੀ ਹੈ ਅਤੇ ਢਾਣੀਆਂ ਵਿੱਚ ਰਹਿਣ ਵਾਲੇ ਲੋਕ ਪਾਣੀ ਲਈ ਇੱਧਰ-ਉੱਧਰ ਭਟਕ ਰਹੇ ਹਨ। ਲੋਕਾਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਅਜੇ ਵੀ ਸੁਣਵਾਈ ਨਾ ਹੋਈ ਤਾਂ ਉਹ ਬਿਜਲੀ ਘਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਖੁਦ ਬਿਜਲੀ ਸਪਲਾਈ ਆਪਣੇ ਪਿੰਡ ਲਈ ਜੋੜ ਦੇਣਗੇੇ।
ਜਲਦੀ ਹੀ ਮਸਲਾ ਹੱਲ ਕਰ ਦਿੱਤਾ ਜਾਵੇਗਾ: ਐੱਸਡੀਓ
ਇਸ ਸਬੰਧੀ ਬਿਜਲੀ ਵਿਭਾਗ ਦੇ ਐੱਸਡੀਓ ਅੰਕਿਤ ਕੰਬੋਜ ਨੇ ਕਿਹਾ ਕਿ ਹਨੇਰੀ ਕਾਰਨ ਖੰਭੇ ਜ਼ਿਆਦਾ ਟੁੱਟ ਗਏ ਸਨ ਜਿਸ ਕਾਰਨ ਸਮੱਸਿਆ ਆ ਰਹੀ ਹੈ। ਇੱਕ-ਦੋ ਦਿਨ ਵਿੱਚ ਢਾਣੀਆਂ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੱਟੀ ਕਿਰਪਾਲ ਦਾ ਸਬ-ਸ਼ਟੇਸਨ ਅੰਡਰ ਲੋਡ ਹੈ। ਸ਼ੇਖੂਖੇੜਾ ਪਿੰਡ ਦੀ ਸਪਲਾਈ ਇੱਥੋਂ ਜੋੜਨ ਦਾ ਕੰਮ ਅੰਡਰ ਪ੍ਰੋਸੈੱਸ ਹੈ। ਜਲਦੀ ਹੀ ਮਸਲਾ ਹੱਲ ਕਰ ਦਿੱਤਾ ਜਾਵੇਗਾ।