ਐੱਨਪੀ ਧਵਨ
ਪਠਾਨਕੋਟ, 17 ਜੂਨ
ਅੱਜ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵਲੋਂ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫਤਰ ਮੂਹਰੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੈਣੀ ਦੀ ਅਗਵਾਈ ਵਿੱਚ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਪੰਜਾਬ ਇਰੀਗੇਸ਼ਨ ਕਲੈਰੀਕਲ ਯੂਨੀਅਨ ਦੇ ਜਨਰਲ ਸਕੱਤਰ ਯੋਗੇਸ਼ਵਰ ਸਲਾਰੀਆ, ਸੂਬਾ ਸੀਨੀਅਰ ਮੀਤ ਪ੍ਰਧਾਨ ਕਪਤਾਨ ਸਿੰਘ ਛੀਨਾ, ਸੂਬਾ ਸਕੱਤਰ ਰਣਜੀਤ ਸਿੰਘ, ਚੇਅਰਮੈਨ ਪਰਮਜੀਤ ਸਿੰਘ, ਸੁਪਰਡੈਂਟ ਸੁਖਦੇਵ ਸਿੰਘ, ਪ੍ਰਧਾਨ ਹੈਡ ਆਫਿਸ ਕਲੈਰੀਕਲ ਯੂਨੀਅਨ ਸੁਰੇਸ਼ ਕੁਮਾਰ, ਸੁਪਰਡੈਂਟ ਸੁਰਿੰਦਰ ਕੁਮਾਰ, ਪ੍ਰਸ਼ੋਤਮ ਠਾਕੁਰ, ਅਰਜਨ ਸਿੰਘ ਆਦਿ ਨੇ ਸੰਬੋਧਨ ਕੀਤਾ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੈਣੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪਿਛਲੇ 4 ਸਾਲਾਂ ਤੋਂ ਮੁਲਾਜ਼ਮਾਂ ਨਾਲ ਵਾਅਦਾ ਖਿਲਾਫੀ ਕਰਦੀ ਆ ਰਹੀ ਹੈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਤਨਖਾਹ ਕਮਿਸ਼ਨ ਨੂੰ 1 ਜਨਵਰੀ 2016 ਤੋਂ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਡੀਏ ਦੀਆਂ ਬਕਾਇਆ ਕਿਸ਼ਤਾਂ ਏਰੀਅਰ ਸਮੇਤ ਜਾਰੀ ਕੀਤੀਆਂ ਜਾਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਜਲ ਸਰੋਤ ਵਿਭਾਗ ਵਿੱਚ ਕੀਤੀ ਜਾ ਰਹੀ ਰੀਸਟਰਕਚਰਿੰਗ ਬੰਦ ਕੀਤੀ ਜਾਵੇ।