ਅਮਲਤਾਸ (Cassia fistula) ਦਾ ਪੀਲੇ ਫੁੱਲਾਂ ਲੱਦਿਆ ਰੁੱਖ ਕਾਦਰ ਦੀ ਕਲਾਕਾਰੀ ਜਾਪਦੀ ਹੈ। ਜੇਕਰ ਕਿਤੇ ਕਤਾਰਾਂ ਵਿਚ ਲੱਗੇ ਰੁੱਖ ਖਿੜੇ ਨਜ਼ਰ ਆ ਜਾਣ ਤਾਂ ਕੁਝ ਪਲਾਂ ਲਈ ਇਨਸਾਨ ਮੰਤਰ ਮੁਗਧ ਹੋ ਜਾਂਦਾ ਹੈ। ਅਮਲਤਾਸ ਦੀ ਇਹੀ ਖ਼ੂਬਸੂਰਤੀ ਸਦਕਾ ਥਾਈਲੈਂਡ ਦੇ ਲੋਕਾਂ ਨੇ ਇਸ ਨੂੰ ਰਾਸ਼ਟਰੀ ਫੁੱਲ ਦਾ ਦਰਜਾ ਦਿੱਤਾ ਹੈ। ਹੁਸੀਨ ਫੁੱਲਾਂ ਵਾਲੇ ਇਸ ਰੁੱਖ ਨੂੰ ਗੋਰੇ ‘ਇੰਡੀਅਨ ਲੈਬਰਨਮ’ ਕਹਿੰਦੇ ਹਨ।
ਮਾਰਚ-ਅਪਰੈਲ ਦੇ ਦਿਨੀਂ ਰੁੱਖ ਉੱਪਰੋਂ ਪੱਤੇ ਝੜਨ ਲੱਗਦੇ ਹਨ ਅਤੇ ਮਈ ਮਹੀਨੇ ਫੁੱਲਾਂ ਨਾਲ ਲੱਦਣਾ ਸ਼ੁਰੂ ਹੋ ਜਾਂਦਾ ਹੈ। ਮਈ ਦੇ ਅਖੀਰਲੇ ਜਾਂ ਜੂਨ ਦੇ ਪਹਿਲੇ ਹਫ਼ਤੇ ਤਾਂ ਰੁੱਖ ਹੇਠ ਪੀਲੇ ਫੁੱਲਾਂ ਦੀ ਚਾਦਰ ਵਿਛੀ ਜਾਪਦੀ ਹੁੰਦੀ ਹੈ। ਸਮਾਂ ਪਾ ਕੇ ਇਹ ਖ਼ੂਬਸੂਰਤ ਫੁੱਲ ਲੰਮੀਆਂ ਫਲੀਆਂ ਰੂਪੀ ਫ਼ਲਾਂ ਵਿਚ ਤਬਦੀਲ ਹੋ ਜਾਂਦੇ ਹਨ। ਬਿਹਾਰ ਦੇ ਲੋਕ ਫੁੱਲਾਂ ਨੂੰ ਖਾਣਯੋਗ ਪਦਾਰਥ ਵਜੋਂ ਵਰਤਦੇ ਹਨ ਅਤੇ ਕੁਝ ਲੋਕ ਇਸ ਦੇ ਫੁੱਲਾਂ ਤੋਂ ਗੁਲਕੰਦ ਵੀ ਤਿਆਰ ਕਰ ਲੈਂਦੇ ਹਨ। ਰੁੱਖ ਦਾ ਸੱਕ, ਜੜ੍ਹਾਂ, ਪੱਤੇ, ਬੀਜ ਆਦਿ ਆਯੁਰਵੈਦਿਕ ਨੁਸਖਿਆਂ ਵਿਚ ਵਰਤੇ ਜਾਂਦੇ ਹਨ। ਰੁੱਖ ਦਾ ਵਾਧਾ ਬੀਜ ਰਾਹੀਂ ਹੁੰਦਾ ਹੈ ਅਤੇ ਸਰਦ ਰੁੱਤ ਦੌਰਾਨ ਜਦੋਂ ਰੁੱਖ ਛੋਟਾ ਹੈ ਤਾਂ ਕੋਰੇ ਤੋਂ ਬਚਾਉਣ ਦੀ ਲੋੜ ਪੈਂਦੀ ਹੈ। ਪੀਲੇ ਰੰਗ ਦੇ ਖ਼ੂਬਸੂਰਤ ਫੁੱਲਾਂ ਬਾਬਤ ਸ਼ਿਵ ਕੁਮਾਰ ਦੀ ਖ਼ੂਬਸੂਰਤ ਕਵਿਤਾ ਹੈ :
ਇਹ ਰੁੱਖ ਜੋ ਅਮਲਤਾਸ ਦੇ
ਪੀਲੀ ਮਾਰਨ ਭਾਹ…
ਇਉਂ ਜਾਪਣ ਗਗਨ ਕੁਠਾਲੀਏ
ਜਿਉਂ ਸੋਨਾ ਪਿਘਲ ਗਿਆ…
ਪੇਸ਼ਕਸ਼: ਡਾ. ਬਲਵਿੰਦਰ ਸਿੰਘ ਲੱਖੇਵਾਲੀ
ਸੰਪਰਕ: 98142-39041