ਰੂਪਨਗਰ: ਅੱਜ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਲਏ ਗਏ ਫੈ਼ਸਲੇ ਅਨੁਸਾਰ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਡੀਸੀ ਦਫ਼ਤਰ ਕਾਮਿਆਂ ਵੱਲੋਂ ਸੰਕੇਤਕ ਭੁੱਖ ਹੜਤਾਲ ਕਰਦੇ ਹੋਏ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕਰਕੇ ਆਪਣਾ ਰੋਸ ਪ੍ਰਗਟਾਇਆ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ 21 ਜੂਨ ਨੂੰ ਵੀ ਇਹ ਸੰਕੇਤਕ ਭੁੱਖ ਹੜਤਾਲ ਤੇ ਰੋਸ ਰੈਲੀਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਮਿਸ਼ਨਰ ਦਫ਼ਤਰਾਂ ਵਿੱਚ ਸੁਪਰਡੈਂਟਾਂ ਦੀ ਤਰੱਕੀ ਲਈ ਪੈਨਲ ਭੇਜਣ ਵਿੱਚ ਜਾਣ ਬੁਝ ਕੇ ਰੋੜਾ ਅੜਾਇਆ ਜਾ ਰਿਹਾ ਹੈ, ਉਨ੍ਹਾਂ ਦੇ ਸਾਹਮਣੇ ਵੀ ਭੁੱਖ ਹੜਤਾਲ ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਪੀਐੱਸਐੱਮਐੱਸਯੂ ਵੱਲੋਂ ਸਰਕਾਰ ਵਿਰੁੱਧ ਦਿੱਤੇ ਗਏ ਐਕਸ਼ਨ ਤਹਿਤ 22 ਜੂਨ ਨੂੰ ਸਾਰੇ ਡੀਸੀ ਦਫ਼ਤਰਾਂ ਦੇ ਕਾਮੇ ਡਿਊਟੀਆਂ ਦਾ ਬਾਈਕਾਟ ਕਰਨਗੇ। -ਪੱਤਰ ਪ੍ਰੇਰਕ