ਸਤਰੰਗੀ ਪੀਂਘ
ਧੁੰਪ ਸੱਤ ਰੰਗਾਂ ਦਾ ਮੇਲ
ਇਹ ਕੁਦਰਤ ਦਾ ਅਨੋਖਾ ਖੇਲ
ਸੱਤ ਰੰਗਾਂ ਦੀ ਸਤਰੰਗੀ ਪੀਂਘ
ਆਸਮਾਨ ਵਿਚ ਰੰਗ ਬਿਰੰਗੀ ਲੀਕ
ਨੀਚੇ ਬੈਂਗਣੀ ਉੱਪਰ ਹੈ ਲਾਲ
ਹਰਾ ਰੰਗ ਸਭਨਾਂ ਦੇ ਵਿਚਕਾਰ
ਨੀਲਾ ਜ਼ਿਆਦਾ ਖਿੰਡ ਜਾਵੇ
ਅਸਮਾਨੀ ਨਾਲ ਸਾਥ ਨਿਭਾਏ
ਪੰਜਵੇਂ ਨੰਬਰ ‘ਤੇ ਸੰਤਰੀ ਆਵੇ
ਪੀਲਾ ਰੰਗ ਛੇਵਾਂ ਨੰਬਰ ਪਾਵੇ
ਸੱਤਾਂ ਤੋਂ ਮਿਲ ਕੇ ਸਫ਼ੈਦ ਬਣ ਜਾਵੇ
ਮੀਂਹ ਪੈ ਕੇ ਜਦ ਹਟ ਜਾਵੇ
ਪਾਣੀ ਦੀਆਂ ਬੂੰਦਾਂ, ਧੁੱਪ ਸੂਰਜ ਪਾਵੇ
ਆਸਮਾਨ ਵਿਚ ਸਤਰੰਗੀ ਪੀਂਘ ਥਿਆਵੇ
-ਜਸਵਿੰਦਰ ਸਿੰਘ
ਸੰਪਰਕ: 99141-62406
ਕੁਲਫ਼ੀ ਵਾਲਾ
ਕੁਲਫ਼ੀ ਵਾਲਾ ਮੁਹੱਲੇ ‘ਚ ਆਇਆ
ਖੋਏ ਵਾਲੀ ਕੁਲਫ਼ੀ ਦਾ ਹੋਕਾ ਲਾਇਆ।
ਆਵਾਜ਼ ਸੁਣ ਬੱਚਿਆਂ ਦੇ ਮਨ ਲਲਚਾਏ
ਰੁਪਈਏ ਲੈ ਕੇ ਉਸ ਭਾਈ ਕੋਲ ਆਏ।
ਘੇਰਾ ਉਸ ਦੀ ਰੇਹੜੀ ਨੂੰ ਪਾਇਆ
ਨੋਟ ਦਸ ਦਾ ਉਸ ਨੂੰ ਫੜਾਇਆ।
ਨਾਲ ਹੀ ਇਹ ਗੱਲ ਸਮਝਾਈ
ਦੁੱਧ ਵਾਲੀ ਕੁਲਫ਼ੀ ਦੇ ਦੇ ਭਾਈ।
ਕੁਲਫ਼ੀ ਇਹ ਸੀਨੇ ਠੰਢ ਪਾਵੇ
ਖਾ ਕੇ ਮਜ਼ਾ ਬੜਾ ਹੀ ਆਵੇ।
ਗਰਮੀਆਂ ਦਾ ਹੈ ਇਹ ਤੋਹਫ਼ਾ
ਬੱਚੇ ਲੱਭਦੇ ਖਾਣ ਦਾ ਮੌਕਾ।
-ਪ੍ਰਿੰਸ ਅਰੋੜਾ
ਕੋਇਲ
ਕੋਇਲ ਦੀ ਮਿੱਠੀ ਬੋਲੀ
ਸੁਰੀਲੇ ਗੀਤ ਸੁਣਾਵੇ।
ਬਾਗ਼ਾਂ ਦੀ ਇਹ ਰੌਣਕ
ਸਭ ਦੇ ਮਨ ਨੂੰ ਭਾਵੇ।
ਕਾਲਾ ਹੈ ਇਸ ਦਾ ਰੰਗ
ਕੂ-ਕੂ ਕਰਦੀ ਉੱਡਦੀ ਜਾਵੇ।
ਗਰਮੀ ਦੇ ਮੌਸਮ ਵਿਚ
ਅੰਬਾਂ ਨੂੰ ਮਸਤੀ ਛਾਵੇ।
ਇਕ ਟਾਹਣੀ ਤੋਂ ਦੂਜੀ
ਪੈਰ ਧਰਤ ‘ਤੇ ਨਾ ਲਾਵੇ।
ਗਾਉਂਦੀ ਮਧੁਰ ਗੀਤ
ਵਰਖਾ ਲੈ ਕੇ ਆਵੇ।
ਆਲ੍ਹਣਾ ਹੁੰਦਾ ਕਾਂ ਦਾ
ਆਂਡੇ ਆਪਣੇ ਸਜਾਵੇ
ਇਹ ਚਲਾਕੀ ਕੋਇਲ ਦੀ
ਕਾਂ ਨੂੰ ਵੈਰੀ ਬਣਾਵੇ।
ਚੁਸਤ ਤੇ ਮੂੰਹੋਂ ਮਿੱਠੀ
ਤਾਹੀਓਂ ਗੁਣੀ ਨਜ਼ਰ ਆਵੇ।
ਮਿੱਠਤ ਸੁਭਾਅ ਕਰਕੇ ਹੀ
ਪੰਛੀਆਂ ‘ਚੋਂ ਉੱਤਮ ਕਹਾਵੇ।
-ਰਾਕੇਸ਼ ਕੁਮਾਰ
ਸੰਪਰਕ: 94630-24455
ਬਿੱਲੀ ਚੂਹਾ
ਬਿੱਲੀ ਕਰਦੀ ਮਿਆਉਂ ਮਿਆਉਂ
ਚੂਹੇ ਮੈਂ ਤੈਨੂੰ ਫੜਕੇ ਖਾਊਂ
ਅੱਜ ਤਾਂ ਬੱਚੂ ਖੈਰ ਨ੍ਹੀਂ ਤੇਰੀ
ਵਿਚ ਪਤੀਲੇ ਤੈਨੂੰ ਪਕਾਊਂ
ਚੂਹਾ ਕਹੇ ਮੈਂ ਬੜਾ ਜੋਸ਼ੀਲਾ
ਬਿੱਲੀਏ ਤੈਥੋਂ ਵੱਧ ਫੁਰਤੀਲਾ
ਤੇਰੇ ਹੱਥ ਕਦੇ ਨਾ ਆਊਂ
ਬਿੱਲੀ ਕਰਦੀ ਮਿਆਉਂ ਮਿਆਉਂ
ਪੰਜਿਆਂ ਵਿਚ ਤੈਨੂੰ ਝੱਟ ਦਬੋਚਾਂ
ਖਾਣ ਲੱਗੇ ਨਾ ਪਲ ਵੀ ਸੋਚਾਂ
ਲਾ ਚਟਕਾਰੇ ਢਿੱਡ ਵਿਚ ਪਾਊਂ
ਬਿੱਲੀ ਕਰਦੀ ਮਿਆਉਂ ਮਿਆਉਂ
ਬਿੱਲੀਏ ਤਰਸ ਕੁਝ ਕਰਲੈ ਨੀਂ
ਢਿੱਡ ਦੁੱਧ ਦੇ ਨਾਲ ਹੀ ਭਰਲੈ ਨੀਂ
ਜੇ ਤੂੰ ਮੈਨੂੰ ਬਖ਼ਸ਼ ਦੇਵੇਂ
ਗੁਣ ਤੇਰੇ ਮੈਂ ਸਦਾ ਹੀ ਗਾਊਂ
ਬਿੱਲੀ ਕਰਦੀ ਮਿਆਉਂ ਮਿਆਉਂ
ਚੂਹੇ ਮੈਂ ਤੈਨੂੰ ਫੜਕੇ ਖਾਊਂ
-ਅਮਨਦੀਪ ਕੌਰ
ਸੰਪਰਕ: 98776-54596