ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 19 ਜੂਨ
ਭੀਮਾ ਕੋਰੇਗਾਉਂ ਮਾਮਲੇ ’ਚ 16 ਬੁੱਧੀਜੀਵੀਆਂ ਦੀ ਗ੍ਰਿਫਤਾਰੀ ਦੇ ਤਿੰਨ ਸਾਲ ਪੂਰੇ ਹੋਣ ’ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਜਮਹੂਰੀ ਚੇਤਨਾ ਪਾਸਾਰ ਪੰਦਰਵਾੜੇ ਤਹਿਤ ਅੱਜ ਇੱਥੇ ਟੀਚਰਜ਼ ਹੋਮ ਵਿੱਚ ਜਮਹੂਰੀ ਚੇਤਨਾ ਕਨਵੈਨਸ਼ਨ ਕਰਨ ਪਿੱਛੋਂ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਗਿਆ।
ਸਭਾ ਦੇ ਸੂਬਾਈ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਫਾਸ਼ੀਵਾਦੀ ਤਾਕਤਾਂ ਹਮੇਸ਼ਾ ਚੇਤੰਨ ਬੁੱਧੀਜੀਵੀਆਂ ਤੋਂ ਖੌਫ਼ ਖਾਂਦੀਆਂ ਹਨ ਅਤੇ ਉਨ੍ਹਾਂ ਦੀ ਜ਼ੁਬਾਨਬੰਦੀ ਲਈ ਸਰਕਾਰਾਂ ਆਨੇ-ਬਹਾਨੇ ਜੇਲ੍ਹੀਂ ਡੱਕ ਦਿੰਦੀਆਂ ਹਨ।
ਭੀਮਾ ਕੋਰੇਗਾਉਂ ਕੇਸ ਦੀਆਂ ਕਾਨੂੰਨੀ ਬਾਰੀਕੀਆਂ ਬਾਰੇ ਐਡਵੋਕੇਟ ਸੁਦੀਪ ਸਿੰਘ ਨੇ ਕਿਹਾ ਕਿ ਇਹ ਕੇਸ ਪੂਰੀ ਤਰ੍ਹਾਂ ਝੂਠ ਦੀ ਬੁਨਿਆਦ ’ਤੇ ਖੜ੍ਹਾ ਹੈ। ਉਨ੍ਹਾਂ ਦੱਸਿਆ ਕਿ ਰੋਨਾ ਵਿਲਸਨ ਦੇ ਲੈਪਟਾਪ ’ਚੋਂ ਮਿਲੇ ਪੱਤਰ ਨੂੰ ਇਸ ਕੇਸ ਦਾ ਧੁਰਾ/ਸਬੂਤ ਦੱਸਿਆ ਗਿਆ ਪਰ ਅਮਰੀਕਾ ਦੀ ਨਾਮੀ ਸੰਸਥਾ ਦੀ ਰਿਪੋਰਟ ਮੁਤਾਬਕ ਇਹ ਪੱਤਰ ਲੈਪਟਾਪ ਵਿੱਚ ਬਾਹਰੋਂ ਪਲਾਂਟ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਯੂਏਪੀਏ ਕਾਨੂੰਨ ਵਿੱਚ ਜ਼ਮਾਨਤ ਮਿਲਣੀ ਲਗਭਗ ਅਸੰਭਵ ਬਣਾ ਦਿੱਤੀ ਗਈ ਹੈ ਅਤੇ ਇਸ ਕਾਨੂੰਨ ਅਧੀਨ ਕੇਸ ਦਰਜ ਹੋਣਾ ਹੀ ਆਪਣੇ ਆਪ ਵਿੱਚ ਸਜ਼ਾ ਹੈ। ਸਭਾ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਅਤੇ ਫ਼ਰੀਦਕੋਟ ਇਕਾਈ ਦੇ ਸਕੱਤਰ ਰੇਸ਼ਮ ਬਰਗਾੜੀ ਨੇ ਜਮਹੂਰੀ ਹੱਕਾਂ ਲਈ ਲੜਾਈ ਜਾਰੀ ਰੱਖਣ ਦਾ ਸੱਦਾ ਦਿੱਤਾ।
ਇਸ ਮੌਕੇ ਭੀਮਾ ਕੋਰੇਗਾਉਂ ਤੇ ਹੋਰ ਝੂਠੇ ਕੇਸਾਂ ਤਹਿਤ ਗ੍ਰਿਫਤਾਰ ਕੀਤੇ ਬੁੱਧੀਜੀਵੀਆਂ ਤੇ ਹੋਰ ਜਮਹੂਰੀ ਕਾਰਕੁਨਾਂ ਨੂੰ ਤੁਰੰਤ ਰਿਹਾ ਕਰਨ, ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ, ਐਮਐਸਪੀ ਦੀ ਗਾਰੰਟੀ ਲਈ ਕਾਨੂੰਨ ਬਣਾਉਣ, ਕਿਰਤ ਕਾਨੂੰਨਾਂ ਸਬੰਧੀ ਬਣਾਏ ਚਾਰ ਕੋਡ ਵਾਪਸ ਲੈਣ, ਨਵੀਂ ਸਿੱਖਿਆ ਨੀਤੀ ਰੱਦ ਕਰਨ, ਕੋਰੋਨਾ ਮਹਾਂਮਾਰੀ ਵਿਚ ਸਰਕਾਰ ਦੀ ਅਣਗਹਿਲੀ ਤੇ ਬੇਢੰਗੇ ਲੌਕਡਾਉੂਨ ਕਾਰਨ ਹੋਈਆਂ ਮੌਤਾਂ ਬਦਲੇ ਮੁਆਵਜ਼ਾ ਦੇਣ, ਸਿਹਤ ਦੇ ਖੇਤਰ ਵਿੱਚ ਨਿੱਜੀਕਰਨ ਦੀ ਨੀਤੀ ਵਾਪਸ ਲੈ ਕੇ ਜਨਤਕ ਖੇਤਰ ਦੇ ਸਿਹਤ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਲਕਸ਼ਦੀਪ ਦੇ ਭਗਵੇਂਕਰਨ ਦੀ ਮੁਹਿੰਮ ਬੰਦ ਕਰਨ ਸਬੰਧੀ ਮਤੇ ਡਾ. ਅਜੀਤਪਾਲ ਸਿੰਘ ਨੇ ਪੜ੍ਹੇ ਅਤੇ ਇੱਕਠ ਵੱਲੋਂ ਇਸ ’ਤੇ ਪ੍ਰਵਾਨਗੀ ਦੀ ਮੋਹਰ ਲਾਈ ਗਈ। ਮੰਚ ਸੰਚਾਲਨ ਪਿ੍ਰਤਪਾਲ ਸਿੰਘ ਨੇ ਕੀਤਾ।
ਇਕੱਠ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਬਿ੍ਰਜਿੰਦਰ ਸਿੰਘ ਬਰਾੜ, ਕਹਾਣੀਕਾਰ ਅਤਰਜੀਤ, ਪਿ੍ਰੰਸੀਪਲ ਜਗਦੀਸ਼ ਘਈ, ਪ੍ਰੋ. ਅਮਨਦੀਪ ਸੇਖੋਂ, ਬਲਜਿੰਦਰ ਸਿੰਘ ਸਰਪੰਚ, ਐਕਸੀਅਨ ਕਰਤਾਰ ਸਿੰਘ ਬਰਾੜ, ਐੱਸਡੀਓ ਮੱਖਣ ਸਿੰਘ, ‘ਪ੍ਰਚੰਡ’ ਦੇ ਸਾਬਕਾ ਸੰਪਾਦਕ ਜਗਦੇਵ ਸਿੰਘ ਜੱਗਾ, ‘ਸੁਰਖ਼ ਰੇਖ਼ਾ’ ਦੇ ਸੰਪਾਦਕ ਨਾਜ਼ਰ ਸਿੰਘ ਬੋਪਾਰਾਏ, ਨਾਵਲਕਾਰ ਜਸਵਿੰਦਰ ਜੱਸ, ਗਾਇਕ ਅੰਮਿ੍ਰਤਪਾਲ ਬੰਗੇ, ਰਾਜਪਾਲ ਸਿੰਘ, ਪੀਪਲਜ਼ ਫੋਰਮ ਬਰਗਾੜੀ ਦੇ ਖੁਸ਼ਵੰਤ ਬਰਗਾੜੀ, ਕਹਾਣੀਕਾਰ ਜਸਪਾਲ ਮਾਨਖੇੜਾ, ਗ਼ਜ਼ਲਗੋ ਭੁਪਿੰਦਰ ਸੰਧੂ, ਸਮੇਤ ਕਈ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।