ਨਿੱਜੀ ਪੱਤਰ ਪ੍ਰੇਰਕ
ਨਾਭਾ, 19 ਜੂਨ
ਇੱਥੋਂ ਦੀ ਜੇਲ੍ਹ ’ਚ ਕੈਦੀਆਂ ਨੂੰ ਮੋਬਾਈਲ ਪਹੁੰਚਾਉਣ ਦੇ ਦੋਸ਼ ਹੇਠ ਏਐੱਸਆਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਈਆਰਬੀ ਜਵਾਨ ਰਿਹਾ ਏਐੱਸਆਈ ਗੁਰਜਿੰਦਰ ਸਿੰਘ ਪਿਛਲੇ ਤਿੰਨ ਮਹੀਨਿਆਂ ਤੋਂ ਨਾਭਾ ਜੇਲ੍ਹ ਵਿੱਚ ਤਾਇਨਾਤ ਸੀ। ਅਦਾਲਤ ਨੇ ਉਸ ਨੂੰ ਤਿੰਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਡੀਐੱਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਜੇਲ੍ਹ ਵਿੱਚੋਂ ਮੋਬਾਈਲ ਮਿਲਣ ਦੇ ਮਾਮਲੇ ਵਿੱਚ ਪਿਛਲੇ ਦਿਨੀਂ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇੱਕ ਕੈਦੀ ਕਰਮਜੀਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਗੁਰਜਿੰਦਰ ਸਿੰਘ ਦਾ ਨਾਮ ਦੱਸਿਆ। ਡੀਐੱਸਪੀ ਨੇ ਦੱਸਿਆ ਕਿ ਕੈਦੀਆਂ ਦੇ ਜਾਣਕਾਰ ਬਾਹਰੋਂ ਗੁਰਜਿੰਦਰ ਨੂੰ ਮੋਬਾਈਲ ਦੇ ਜਾਂਦੇ ਸੀ ਤੇ ਫਿਰ ਗੂਗਲ ਪੇਅ ਰਾਹੀਂ ਪੈਸੇ ਮਿਲਣ ਮਗਰੋਂ ਮੁਲਾਜ਼ਮ ਸਬੰਧਤ ਕੈਦੀ ਨੂੰ ਮੋਬਾਈਲ ਪਹੁੰਚਾ ਦਿੰਦਾ ਸੀ। ਮੁਲਜ਼ਮ ਕੋਲੋਂ ਪੰਜ ਮੋਬਾਈਲ ਵੀ ਬਰਾਮਦ ਹੋਏ ਹਨ।