ਜੋਗਿੰਦਰ ਸਿੰਘ ਮਾਨ
ਮਾਨਸਾ, 19 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਮਹਿੰਦਰਾ ਟਰੈਕਟਰ ਏਜੰਸੀ ਮਾਨਸਾ ਅੱਗੇ ਲਗਾਤਾਰ ਦੂਜੇ ਦਿਨ ਵੀ ਧਰਨਾ ਦਿੱਤਾ ਗਿਆ। ਅੱਜ ਅੱਕੇ ਹੋਏ ਕਿਸਾਨਾਂ ਨੇ ਬੱਸ ਸਟੈਂਡ ਤੋਂ ਤਿੰਨਕੋਣੀ ਵਿਚਕਾਰ ਮੁੱਖ ਮਾਰਗ ’ਤੇ ਜਾਮ ਲਗਾ ਦਿੱਤਾ। ਇਸ ਮਗਰੋਂ ਨਾਇਬ ਤਹਿਸੀਲਦਾਰ ਅਤੇ ਥਾਣਾ ਸਿਟੀ-2 ਦੇ ਮੁਖੀ ਪ੍ਰਵੀਨ ਕੁਮਾਰ ਜਾਮ ਵਾਲੀ ਥਾਂ ’ਤੇ ਪੁੱਜੇ ਤੇ ਉਨ੍ਹਾਂ ਵੱਲੋਂ 21 ਜੂਨ ਨੂੰ ਮੀਟਿੰਗ ਕਰਵਾ ਕੇ ਮਸਲੇ ਦੇ ਹੱਲ ਲਈ ਦਿੱਤੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਰਾਹ ਖੋਲ੍ਹ ਦਿੱਤਾ। ਇਸ ਤੋਂ ਪਹਿਲਾਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਖਿਆਲਾ ਕਲਾਂ ਦੇ ਕਿਸਾਨ ਬਿੰਦਰ ਸਿੰਘ ਨੇ ਮਹਿੰਦਰਾ ਏਜੰਸੀ ਤੋਂ 5 ਮਹੀਨੇ ਪਹਿਲਾਂ ਟਰੈਕਟਰ ਲਿਆ ਸੀ, ਜਿਸ ਵਿੱਚ ਵਾਰ-ਵਾਰ ਖ਼ਰਾਬੀ ਆਉਣ ਕਾਰਨ ਟਰੈਕਟਰ ਏਜੰਸੀ ਮਾਲਕ ਨੂੰ ਮਿਲ ਕੇ ਮਸਲਾ ਹੱਲ ਕਰਨ ਲਈ ਕਿਹਾ ਗਿਆ, ਪਰ ਏਜੰਸੀ ਮਾਲਕ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਧਿਆਨ ਵਿੱਚ ਮਾਮਲਾ ਆਉਣ ਮਗਰੋਂ ਉਨ੍ਹਾਂ ਨੇ ਏਜੰਸੀ ਪ੍ਰਬੰਧਕਾਂ ਨੂੰ ਪੀੜਤ ਨੂੰ ਇਨਸਾਫ਼ ਦੇਣ ਲਈ ਕਿਹਾ, ਪਰ ਜਦੋਂ ਉਹ ਟੱਸ ਤੋਂ ਮੱਸ ਨਾ ਹੋਏ ਤਾਂ ਅੱਕੇ ਹੋਏ ਜਥੇਬੰਦਕ ਵਰਕਰਾਂ ਨੇ ਏਜੰਸੀ ਸਾਹਮਣੇ ਅੱਗੇ ਧਰਨਾ ਦਿੱਤਾ।