ਕਰਮਵੀਰ ਸਿੰਘ ਸੈਣੀ
ਮੂਨਕ, 20 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਇੱਥੇ ਮੀਟਿੰਗ ਕਰਨ ਪੁੱਜੇ ਪੰਜਾਬ ਭਾਜਪਾ ਓਬੀਸੀ ਸੈੱਲ ਦੇ ਪ੍ਰਧਾਨ ਰਾਜਿੰਦਰ ਸਿੰਘ ਬਿੱਟਾ ਦਾ ਘਿਰਾਓ ਕੀਤਾ। ਜਾਣਕਾਰੀ ਦਿੰਦਿਆਂ ਯੂਨੀਅਨ ਦੇ ਬਲਾਕ ਆਗੂ ਰਿੰਕੂ ਸੈਣੀ ਮੂਨਕ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਪੱਕੀ ਸੂਹ ਮਿਲੀ ਸੀ ਕਿ ਕਿ ਦੇਹਲਾ ਰੋੜ ਮੂਨਕ ਮੈਰਿਜ ਪੈਲੇਸ ਵਿੱਚ ਪੰਜਾਬ ਭਾਜਪਾ ਦਾ ਆਗੂ ਲੋਕਲ ਵਰਕਰਾਂ ਨਾਲ ਮੀਟਿੰਗ ਕਰਨ ਆਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕਿਸਾਨਾਂ ਨੇ ਮੈਰਿਜ ਪੈਲੇਸ ਪਹੁੰਚ ਕੇ ਪੈਲੇਸ ਦੇ ਮਾਲਕ ਪ੍ਰਕਾਸ਼ ਮਲਾਣਾ ਤੋਂ ਭਾਜਪਾ ਆਗੂਆਂ ਦੀ ਮੀਟਿੰਗ ਬਾਰੇ ਪੁੱਛਿਆ ਤਾਂ ਉਹ ਸਾਫ਼ ਮੁੱਕਰ ਗਿਆ ਕਿ ਇੱਥੇ ਕੋਈ ਭਾਜਪਾ ਆਗੂ ਨਹੀਂ ਆਇਆ ਹੈ। ਕਿਸਾਨਾਂ ਨੇ ਜਦੋਂ ਪੈਲੇਸ ਦੇ ਅੰਦਰ ਜਾ ਕੇ ਦੇਖਿਆ ਤਾਂ ਭਾਜਪਾ ਆਗੂ ਰਾਜਿੰਦਰ ਸਿੰਘ ਬਿੱਟਾ ਵਰਕਰਾਂ ਨਾਲ ਮੀਟਿੰਗ ਕਰ ਰਿਹਾ ਸੀ। ਗੁੱਸੇ ਵਿੱਚ ਆਏ ਕਿਸਾਨਾਂ ਨੇ ਭਾਜਪਾ ਆਗੂ ਨੂੰ ਘੇਰ ਕੇ ਉਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਮਗਰੋਂ ਭਾਜਪਾ ਆਗੂ ਨੇ ਕਿਸਾਨਾਂ ਤੋਂ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ। ਭਾਜਪਾ ਆਗੂ ਰਾਜਿੰਦਰ ਸਿੰਘ ਬਿੱਟਾ ਨੇ ਕਿਸਾਨਾਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਪੰਜਾਬ ਵਿੱਚ ਕੋਈ ਪ੍ਰੋਗਰਾਮ ਨਹੀਂ ਕਰਨਗੇ ਅਤੇ ਨਾ ਹੀ ਭਾਜਪਾ ਦੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਬਲਾਕ ਆਗੂ ਰਿੰਕੂ ਮੂਨਕ, ਮੱਖਣ ਪਾਪੜਾ, ਸੁਖਦੇਵ ਸ਼ਰਮਾ, ਭੂਟਾਲ, ਦਰਸ਼ਨ ਖੋਖਰ, ਗਗਨ ਮੂਣਕ, ਰੋਸ਼ਨ ਸੈਣੀ, ਜਗਤਾਰ ਸਿੰਘ ਹਮੀਰਗੜ੍ਹ, ਬਖਤੌਰ ਸਿੰਘ, ਬਲਜੀਤ ਸਿੰਘ ਬੱਲਰਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰਭਗਵਾਨ ਸਿੰਘ ਹਾਜ਼ਰ ਸਨ।