ਪੱਤਰ ਪ੍ਰੇਰਕ
ਤਾਰਨ ਤਾਰਨ, 20 ਜੂਨ
ਸਰਹੱਦੀ ਖੇਤਰ ਦੇ ਕਈ ਕਿਸਾਨਾਂ ਨਾਲ ਤਿੰਨ ਸਾਲ ਪਹਿਲਾਂ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਇਲਾਕਾ ਛੱਡ ਕੇ ਕਿਧਰੇ ਅਲੋਪ ਹੋ ਜਾਣ ਵਾਲੇ ਆੜ੍ਹਤੀਆਂ ਖ਼ਿਲਾਫ਼ ਕਿਸਾਨ ਹੁਣ ਕੇਸ ਦਰਜ ਕਰਵਾਉਣ ਵਿੱਚ ਸਫ਼ਲ ਹੋਏ ਹਨ| ਠੱਗੀਆਂ ਮਾਰਨ ਵਾਲੇ ਆੜ੍ਹਤੀਆਂ ਵਿੱਚ ਇਲਾਕੇ ਦੇ ਪਿੰਡ ਲਾਖਣਾ ਦੇ ਵਾਸੀ ਸੁਖਵਿੰਦਰ ਸਿੰਘ ਅਤੇ ਉਸ ਦੇ ਭਰਾ ਕੁਲਦੀਪ ਸਿੰਘ ਤੋਂ ਇਲਾਵਾ ਰਾਜੋਕੇ ਪਿੰਡ ਦੇ ਵਾਸੀ ਤਿੰਨ ਭਰਾ ਦਿਲਬਾਗ ਸਿੰਘ, ਰਣਜੀਤ ਸਿੰਘ ਅਤੇ ਰਸਾਲ ਸਿੰਘ ਸ਼ਾਮਲ ਹਨ| ਪਿਛਲੇ ਸਾਲਾਂ ਤੋਂ ਉਹ ਜਿਥੇ ਕਿਸਾਨਾਂ ਕੋਲੋਂ ਲਗਾਤਾਰ ਇਕ ਜਾਂ ਫਿਰ ਦੂਸਰੇ ਬਹਾਨੇ ਪੈਸੇ ਉਧਾਰ ਲੈਂਦੇ ਰਹੇ ਉਥੇ ਉਹ ਕਿਸਾਨਾਂ ਦੀ ਖਰੀਦ ਕੀਤੀ ਜਿਣਸ ਦੇ ਪੈਸੇ ਵੀ ਨਹੀਂ ਦੇ ਰਹੇ ਸਨ| ਉਨ੍ਹਾਂ ਇਕ ਰਵਾਇਤ ਤਹਿਤ ਕਿਸਾਨਾਂ ਕੋਲੋਂ ਉਨ੍ਹਾਂ ਦੇ ਖਾਤਿਆਂ ਵਿੱਚ ਸਰਕਾਰ ਵੱਲੋਂ ਆਉਣ ਵਾਲੀ ਰਕਮ ਦੇ ਐਡਵਾਂਸ ਵਿੱਚ ਲਏ ਹੋਏ ਚੈੱਕ ਬੈਂਕਾਂ ਵਿੱਚ ਜਮ੍ਹਾਂ ਕਰਵਾ ਕੇ ਵੀ ਮੋਟੀਆਂ ਰਕਮਾਂ ਕਢਵਾ ਲਈਆਂ ਸਨ| ਠੱਗੀ ਦਾ ਸ਼ਿਕਾਰ ਕਿਸਾਨ ਦੀਦਾਰ ਸਿੰਘ ਵਾਸੀ ਲਾਖਣਾ ਨੇ ਕਿਹਾ ਕਿ ਇਲਾਕੇ ਦੇ ਪੀੜਤ ਕਿਸਾਨ ਕਾਰਵਾਈ ਕੀਤੇ ਜਾਣ ਲਈ ਪੁਲੀਸ ਤੱਕ ਲਗਾਤਾਰ ਸੰਪਰਕ ਕਰਦੇ ਆ ਰਹੇ ਸਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਸੀ ਕੀਤੀ ਜਾ ਰਹੀ| ਇਸ ਸਬੰਧੀ ਖਾਲੜਾ ਪੁਲੀਸ ਨੇ ਸ਼ਨਿਚਰਵਾਰ ਨੂੰ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ| ਸ਼ਿਕਾਇਤਾਂ ਦੀ ਪੜਤਾਲ ਕਰਨ ਵਾਲੇ ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਆੜ੍ਹਤੀਆਂ ਦੀ ਠੱਗੀ ਦਾ ਇਲਾਕੇ ਦੇ 30 ਦੇ ਕਰੀਬ ਕਿਸਾਨ ਸ਼ਿਕਾਰ ਬਣੇ ਹਨ| ਠੱਗੀ ਦੀ ਕੁੱਲ ਰਕਮ 5.29 ਕਰੋੜ ਰੁਪਏ ਬਣਦੀ ਹੈ| ਪੁਲੀਸ ਨੇ ਮੁਲਜ਼ਮਾਂ ਦੀ ਭਾਲ ਲਈ ਚਾਰਾਜੋਈ ਸ਼ੁਰੂ ਕੀਤੀ ਹੈ|