ਨਿੱਜੀ ਪੱਤਰ ਪ੍ਰੇਰਕ
ਬਟਾਲਾ, 20 ਜੂਨ
ਇੱਥੋਂ ਦੀ ਪਸ਼ੂ ਮੰਡੀ ਨੇੜੇ ਪੰਚਾਇਤ ਸੰਮਤੀ ਦੀ ਜ਼ਮੀਨ ਵਿੱਚ ਨਵੇਂ ਜ਼ਿਲ੍ਹਾ ਪੰਚਾਇਤ ਰਿਸੋਰਸ ਸੈਂਟਰ ਦੀ ਇਮਾਰਤ ਦਾ ਨੀਂਹ ਪੱਥਰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਦੋ ਮੰਜ਼ਿਲਾ ਜ਼ਿਲ੍ਹਾ ਪੰਚਾਇਤ ਰੀਸੋਰਸ ਸੈਂਟਰ ਵਿੱਚ ਬੀ.ਡੀ.ਪੀ.ਓ.ਦਫ਼ਤਰ ਤੋਂ ਇਲਾਵਾ ਪੰਚਾਇਤ ਟ੍ਰੇਨਿੰਗ ਸਕੂਲ, ਪੰਚਾਇਤ ਸੰਮਤੀ ਦਫ਼ਤਰ ਅਤੇ ਪੰਚਾਂ-ਸਰਪੰਚਾਂ ਦੇ ਬੈਠਣ ਲਈ ਵਿਸ਼ੇਸ਼ ਦਫ਼ਤਰ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਇਮਾਰਤ ਆਉਂਦੇ 6 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਨਿਆਂਦੀ ਢਾਂਚੇ ਦੇ ਵਿਕਾਸ ਲਈ ਉਲੀਕੀ ਗਈ ਯੋਜਨਾ ਤਹਿਤ ਇਸ ਪੰਚਾਇਤ ਰੀਸੋਰਸ ਸੈਂਟਰ ਇਮਾਰਤ ਦੀ ਉਸਾਰੀ ਕੀਤੀ ਜਾਵੇਗੀ ਅਤੇ ਜਿਸ ਉੱਪਰ 2 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਭੀੜ-ਭੜੱਕੇ ਤੋਂ ਬਾਹਰ ਬਣਨ ਵਾਲੇ ਇਸ ਨਵੇਂ ਦਫ਼ਤਰ ਨਾਲ ਇੱਥੇ ਕੰਮ ਕਰਵਾਉਣ ਆਉਣ ਵਾਲੇ ਪੰਚਾਇਤੀ ਨੁਮਾਇੰਦਿਆਂ ਨੂੰ ਵੀ ਵੱਡੀ ਰਾਹਤ ਮਿਲੇਗੀ।