ਰਾਜਿੰਦਰ ਵਰਮਾ
ਭਦੌੜ, 19 ਜੂਨ
ਪੱਤੀ ਦੀਪ ਸਿੰਘ ਫੀਡਰ ’ਤੇ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਅੱਜ ਕਿਸਾਨਾਂ ਨੇ ਗਰਿੱਡ ਮੂਹਰੇ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਗਰਿੱਡ ਮੂਹਰੇ ਨਾਅਰੇਬਾਜ਼ੀ ਕਰ ਰਹੇ ਕਿਸਾਨ ਓਂਕਾਰ ਸਿੰਘ ਬਰਾੜ, ਗੋਰਾ ਸਿੰਘ ਰਾਈਂ, ਗੁਰਦੀਪ ਸਿੰਘ ਜੈਦ ਗੁਰਪ੍ਰੀਤ ਸਿੰਘ ਵਿਧਾਤੇ, ਸੁਰਿੰਦਰ ਸਿੰਘ ਭਲੇਰੀਆ, ਜੱਗਰ ਸਿੰਘ, ਜਗਸੀਰ ਸਿੰਘ ਅਤੇ ਗੁਰਦੇਵ ਸਿੰਘ ਭਲੇਰੀਆ ਨੇ ਦੱਸਿਆ ਕਿ ਪੱਤੀ ਦੀਪ ਸਿੰਘ ਫੀਡਰ ’ਤੇ ਬਿਜਲੀ ਵਾਰ ਵਾਰ ਟਰਿੱਪ ਕਰ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਜੀਰੀ ਲਾਉਣ ਵਿੱਚ ਦਿੱਕਤ ਆ ਰਹੀ ਹੈ ਤੇ ਕੱਟ ਲੱਗਣ ਕਰਕੇ ਮੋਟਰਾਂ ਅਤੇ ਟਰਾਂਸਫਾਰਮਰ ਸੜਨ ਦਾ ਖਤਰਾ ਬਣਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਉਹ ਪਾਵਰਕੌਮ ਦੇ ਅਧਿਕਾਰੀਆਂ ਨੂੰ ਕਈ ਵਾਰ ਇਸ ਸਮੱਸਿਆ ਸਬੰਧੀ ਜਾਣੂ ਕਰਵਾ ਚੁੱਕੇ ਹਨ ਪਰ ਹਾਲੇ ਤੱਕ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ।
ਇਸ ਕਾਰਨ ਉਹ ਅੱਜ ਧਰਨਾ ਦੇਣ ਲਈ ਮਜਬੂਰ ਹੋਏ। ਇਸ ਸਬੰਧੀ ਪਾਵਰਕੌਮ ਦੇ ਐੱਸਡੀਓ ਲਖਵੀਰ ਸਿੰਘ ਨੇ ਕਿਹਾ ਕਿ ਪੱਤੀ ਦੀਪ ਸਿੰਘ ਫੀਡਰ ’ਤੇ ਲੋਡ ਵੱਧ ਹੋਣ ਕਰਕੇ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਬਰੇਕਰ ਦੀ ਰੀਲੇਅ ਠੀਕ ਕਰਕੇ ਇਸ ਫੀਡਰ ਨੂੰ ਦੁਬਾਰਾ ਸਪਲਾਈ ਦਿੱਤੀ ਜਾਵੇਗੀ।
ਕਿਸਾਨਾਂ ਨੇ ਸੁਖਪੁਰਾ ਦੇ ਗਰਿੱਡ ਵਿੱਚ ਧਰਨਾ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੇ ਕੀਤੇ ਵਾਅਦੇ ਝੂਠੇ ਸਾਬਤ ਹੋ ਰਹੇ ਹਨ। ਅੱਜ ਕਿਸਾਨਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਪਿੰਡ ਸੁਖਪੁਰਾ ਦੇ ਬਿਜਲੀ ਗਰਿੱਡ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਅਤੇ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੇ ਕੱਟ ਲਗਾ ਕੇ ਕਿਸਾਨਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।