ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਜੂਨ
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਭਾਰਤ ਸਰਕਾਰ ਦੇ ਸੂਚਨਾ ਪ੍ਰਸਾਰਨ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ 24 ਜੂਨ ਨੂੰ ਡਿਜ਼ਨੀ ਪਲੱਸ ਹੌਟਸਟਾਰ ਮੰਚ ’ਤੇ ਰਿਲੀਜ਼ ਹੋ ਰਹੀ 1984 ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ’ਤੇ ਅਧਾਰਿਤ ਵੈੱਬ ਸੀਰੀਜ਼ ‘ਗ੍ਰਹਿਣ’ ਉੱਤੇ ਤੁਰੰਤ ਰੋਕ ਲਗਾਈ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਵੈੱਬ ਸੀਰੀਜ਼ ਵਿੱਚ ਸਿੱਖ ਕਿਰਦਾਰ ਨੂੰ ਇਤਰਾਜ਼ਯੋਗ ਢੰਗ ਨਾਲ ਦਿਖਾਇਆ ਗਿਆ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਵੈੱਬ ਸੀਰੀਜ਼ ਦੇ ਨਿਰਮਾਤਾ ਅਜੈ ਜੀ ਰਾਏ ਅਤੇ ਡਿਜ਼ਨੀ ਪਲੱਸ ਹੌਟਸਟਾਰ ਦੇ ਮੁਖੀ ਸੁਨੀਲ ਰਿਆਨ ਨੂੰ ਬੀਬੀ ਨਿਰਪ੍ਰੀਤ ਕੌਰ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ, ਜਿਸ ਦੀ ਸ਼੍ਰੋਮਣੀ ਕਮੇਟੀ ਹਮਾਇਤ ਕਰਦੀ ਹੈ।