ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 20 ਜੂਨ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਦਸਵੀਂ ਜਮਾਤ ਦੇ ਪੰਜਾਬੀ ਪੜ੍ਹਦੇ ਵਿਦਿਆਰਥੀਆਂ ਦੇ ਨਤੀਜੇ ਦਾ ਮਸਲਾ ਹੱਲ ਕਰ ਦਿੱਤਾ ਹੈ। ਹੁਣ ਅਧਿਆਪਕ ਪੰਜਾਬੀ ਦੀ ਔਸਤ ਨੂੰ ਆਧਾਰ ਬਣਾ ਕੇ ਹੀ ਨਤੀਜਾ ਤਿਆਰ ਕਰ ਰਹੇ ਹਨ, ਜਦਕਿ ਬੋਰਡ ਨੇ ਪਹਿਲਾਂ ਸਾਰੇ ਵਿਸ਼ਿਆਂ ਦਾ ਨਤੀਜਾ ਤਿਆਰ ਕਰਨ ਦੇ ਅੰਕੜੇ ਸਕੂਲਾਂ ਨੂੰ ਭੇਜੇ ਸਨ, ਪਰ ਪੰਜਾਬੀ ਵਿਸ਼ੇ ਦਾ ਨਤੀਜਾ ਤਿਆਰ ਕਰਨ ਲਈ ਅਜਿਹੇ ਅੰਕੜੇ ਨਹੀਂ ਭੇਜੇ ਗਏ ਸਨ। ਉੱਤਰੀ ਖੇਤਰ ਦੇ ਪੰਜਾਬੀ ਨਾਲ ਸਬੰਧਤ ਸਕੂਲਾਂ ਵੱਲੋਂ ਬੋਰਡ ਨੂੰ ਇਸ ਸਮੱਸਿਆ ਸਬੰਧੀ ਸ਼ਿਕਾਇਤ ਕਰਨ ਤੋਂ ਬਾਅਦ ਬੋਰਡ ਨੇ ਨਤੀਜਾ ਤਿਆਰ ਕਰਨ ਵਾਲੇ ਸਾਫਟਵੇਅਰ ਵਿੱਚ ਬਦਲਾਅ ਕਰ ਦਿੱਤਾ ਹੈ, ਪਰ ਇਸ ਸਬੰਧੀ ਹਾਲੇ ਲਿਖਤੀ ਹੁਕਮ ਜਾਰੀ ਨਹੀਂ ਕੀਤੇ।
ਚੰਡੀਗੜ੍ਹ ਦੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਪਹਿਲਾਂ ਸਕੂਲਾਂ ਨੂੰ ਕਿਹਾ ਗਿਆ ਸੀ ਕਿ ਉਹ ਪੰਜਾਬੀ ਵਿਸ਼ੇ ਦੀ ਥਾਂ ਹਿੰਦੀ ਦੇ ਅੰਕਾਂ ਨੂੰ ਆਧਾਰ ਬਣਾ ਕੇ ਨਤੀਜਾ ਤਿਆਰ ਕਰਨ। ਇਸ ਸਬੰਧੀ ਨਵੀਂ ਦਿੱਲੀ ਸੀਬੀਐੱਸਈ ਨੂੰ ਪੁੱਛਿਆ ਗਿਆ ਸੀ ਕਿ ਇਸ ਨਾਲ ਪੰਜਾਬ ਤੇ ਹੋਰ ਸੂਬਿਆਂ ਵਿੱਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਅੰਕ ਘਟਣ ਦਾ ਖਦਸ਼ਾ ਹੈ। ਇਸ ਤੋਂ ਬਾਅਦ ਬੋਰਡ ਨੇ ਕਿਹਾ ਕਿ ਉਹ ਹਿੰੰਦੀ ਦੀ ਥਾਂ ਤਿੰਨ ਮੁੱਖ ਵਿਸ਼ਿਆਂ ਦੀ ਔਸਤ ਅਨੁਸਾਰ ਪੰਜਾਬੀ ਵਿਸ਼ੇ ਦਾ ਨਤੀਜਾ ਤਿਆਰ ਕਰਨ, ਪਰ ਹੁਣ ਅਧਿਆਪਕ ਪਿਛਲੇ ਸਾਲ ਦੀ ਪੰਜਾਬੀ ਦੇ ਫੀਸਦ ਅਨੁਸਾਰ ਹੀ ਨਤੀਜਾ ਤਿਆਰ ਕਰ ਕੇ ਅਪਲੋਡ ਕਰ ਰਹੇ ਹਨ।
ਨਵੀਂ ਦਿੱਲੀ ਦੇ ਪ੍ਰਾਈਵੇਟ ਸਕੂਲ ਵਿੱਚ ਪੰਜਾਬੀ ਦੇ ਅਧਿਆਪਕ ਨੇ ਦੱਸਿਆ ਕਿ ਪੰਜਾਬੀ ਵਿਸ਼ੇ ਦੀ ਔਸਤ ਨਾਲ ਨਤੀਜਾ ਤਿਆਰ ਕਰਨ ਬਾਰੇ ਸੋਸ਼ਲ ਮੀਡੀਆ ਗਰੁੱਪ ਰਾਹੀਂ ਪਤਾ ਲੱਗਾ ਤੇ ਹੁਣ ਸਥਾਨਕ ਅਧਿਆਪਕ ਵੀ ਬੀਤੇ ਕੱਲ੍ਹ ਤੋਂ ਪੰਜਾਬੀ ਦੀ ਔਸਤ ਅਨੁਸਾਰ ਹੀ ਨਤੀਜਾ ਤਿਆਰ ਕਰ ਰਹੇ ਹਨ।
ਸੀਬੀਐੱਸਈ ਨੇ ਪੰਜਾਬੀ ਦਾ ਨਤੀਜਾ ਅਪਲੋਡ ਕਰਨ ਸਬੰਧੀ ਨੁਕਸ ਹਟਾਇਆ
ਅਧਿਆਪਕ ਪਹਿਲਾਂ ਪੰਜਾਬੀ ਵਿਸ਼ੇ ਦੀ ਔਸਤ ਅਨੁਸਾਰ ਨਤੀਜਾ ਅਪਲੋਡ ਕਰਦੇ ਸਨ ਤਾਂ ਤਕਨੀਕੀ ਨੁਕਸ ਆ ਜਾਂਦਾ ਸੀ ਜੋ ਹੁਣ ਠੀਕ ਹੋ ਗਿਆ ਹੈ। ਸੀਬੀਐੱਸਈ ਮੁਹਾਲੀ ਦੇ ਖੇਤਰੀ ਅਧਿਕਾਰੀ ਸ਼ਿਆਮ ਕਪੂਰ ਨੇ ਦੱਸਿਆ ਕਿ ਹੁਣ ਹਿੰਦੀ ਦੀ ਥਾਂ ਵਿਦਿਆਰਥੀਆਂ ਦੇ ਤਿੰਨ ਮੁੱਖ ਵਿਸ਼ਿਆਂ ਦੀ ਫੀਸਦ ਅਨੁਸਾਰ ਨਤੀਜਾ ਤਿਆਰ ਕਰਨ ਲਈ ਕਿਹਾ ਗਿਆ ਹੈ। ਦਿੱਲੀ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਪੰਜਾਬੀ ਦੇ ਨਤੀਜੇ ਦੀ ਸਮੱਸਿਆ ਹੱਲ ਕਰ ਦਿੱਤੀ ਗਈ ਹੈ। ਇਸ ਅਧਿਕਾਰੀ ਨੇ ਦੱਸਿਆ ਕਿ ਜੇ ਇਸ ਸਬੰਧੀ ਲਿਖਤੀ ਹੁਕਮ ਜਾਰੀ ਹੁੰਦੇ ਹਨ ਤਾਂ ਦੇਸ਼ ਭਰ ਦੀਆਂ ਖੇਤਰੀ ਭਾਸ਼ਾਵਾਂ ਲਈ ਵੀ ਅਜਿਹੇ ਹੁਕਮ ਜਾਰੀ ਕਰਨੇ ਪੈਣਗੇ, ਜੋ ਇਸ ਸਮੇਂ ਉਚਿਤ ਨਹੀਂ ਹੈ।