ਪੱਤਰ ਪ੍ਰੇਰਕ
ਮਾਨਸਾ, 21 ਜੂਨ
ਡੀ.ਸੀ.ਦਫਤਰ ਕਰਮਚਾਰੀ ਯੂਨੀਅਨ ਮਾਨਸਾ ਵੱਲੋਂ ਅੱਜ 29ਵੇਂ ਦਿਨ ਸਰਕਾਰ ਖ਼ਿਲਾਫ਼ ਰੋਸ ਜਾਰੀ ਰੱਖਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਫ਼ਤਰੀ ਬਾਬੂ ਭੁੱਖ ਹੜਤਾਲ ’ਤੇ ਬੈਠੇ। ਇਸ ਦੌਰਾਨ ਜਥੇਬੰਦੀ ਨੇ ਕਿਹਾ ਕਿ ਜਿੰਨਾਂ ਚਿਰ ਤੱਕ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਨੂੰ ਪੂਰਨ ਰੂਪ ਵਿੱਚ ਲਾਗੂ ਨਹੀਂ ਕੀਤਾ ਜਾਂਦਾ, ਓਨਾਂ ਚਿਰ ਤੱਕ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਦੀ ਭੁੱਖ ਹੜਤਾਲ ’ਤੇ ਜਗਸੀਰ ਸਿੰਘ, ਮਿਸ਼ਰਾ ਸਿੰਘ, ਲੱਖਾ ਸਿੰਘ, ਅਮਰੀਕ ਸਿੰਘ, ਸੁਖਦਰਸ਼ਨ ਸਿੰਘ ਕੁਲਾਣਾ ਕਰਮਚਾਰੀ ਬੈਠੇ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਨਾ ਦਿੱਤੇ ਜਾਣ ਤੋਂ ਖ਼ਫਾ ਪੰਜਾਬ ਰਾਜ ਡੀਸੀ ਦਫਤਰ ਕਰਮਚਾਰੀ ਯੂਨੀਅਨ ਨਾਲ ਸਬੰਧਤ ਕਰਮਚਾਰੀ ਅੱਜ ਭੁੱਖ ਹੜਤਾਲ ’ਤੇ ਬੈਠੇ, ਜਿਨ੍ਹਾਂ ਇਸ ਮਗਰੋਂ 23 ਜੂਨ ਤੋਂ ਮੁੜ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਵਰਿੰਦਰ ਢੋਸੀਵਾਲ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਰਕਾਰ ਤੇ ਅਧਿਕਾਰੀਆਂ ਵੱਲੋਂ ਪੁਨਰਗਠਨ ਦੀਆਂ ਪੋਸਟਾਂ ’ਤੇ ਲਾਇਆ ਕੱਟ ਵਾਪਸ ਲਾ ਲੈਣ, ਪਦ ਉਨਤੀਆਂ ਨਾ ਕਰਨ ਅਤੇ ਹੋਰ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਯੂਨੀਅਨ ਨੇ ਪਹਿਲਾਂ ਵੀ 19 ਦਿਨ ਲਗਾਤਾਰ ਸਮੂਹਿਕ ਛੁੱਟੀ ਲੈ ਕੇ ਦਫਤਰੀ ਕੰਮ ਦਾ ਬਾਈਕਾਟ ਕਰਨਾ ਸੀ। ਪਰ ਬਾਅਦ ਵਿੱਚ ਸਰਕਾਰ ਵੱਲੋਂ ਭਰੋਸਾ ਦਿੱਤੇ ਜਾਣ ’ਤੇ ਕੁਝ ਦਿਨ ਕੰਮ ਜਾਰੀ ਰੱਖਿਆ ਗਿਆ। ਹੁਣ ਮੁੜ 23 ਜੂਨ ਤੋਂ 27 ਜੂਨ ਤੱਕ ਹੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਡੀਸੀ ਦਫਤਰ ਵਿੱਚ ਭੁੱਖ ਹੜਤਾਲ ਤੇ ਰੋਸ ਮੁਜ਼ਾਹਰਾ ਵੀ ਕੀਤਾ।