ਗੁਰਦੀਪ ਸਿੰਘ ਭੱਟੀ
ਟੋਹਾਣਾ, 21 ਜੂਨ
ਨਗਰ ਕੌਂਸਲ ਟੋਹਾਣਾ ਦੇ ਮੈਂਬਰਾਂ ਦਾ 24 ਜੂਨ ਨੂੰ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਆਖ਼ਰੀ ਮੀਟਿੰਗ ਵਿੱਚ ਸਥਾਨਕ ਵਿਧਾਇਕ ਦਵਿੰਦਰ ਬਬਲੀ ਤੇ ਸੰਸਦ ਮੈਂਬਰ ਸੁਨੀਤਾ ਦੁੱਗਲ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਸੈਂਕੜੇ ਕਿਸਾਨ ਕਿਸਾਨੀ ਝੰਡੇ ਲੈ ਕੇ ਸਵੇਰੇ 10 ਵਜੇ ਤੋਂ ਹੀ ਚੰਡੀਗੜ੍ਹ ਰੋਡ ’ਤੇ ਕੌਂਸਲ ਦੇ ਗੇਟ ਅੱਗੇ ਧਰਨਾ ਮਾਰ ਕੇ ਬੈਠ ਗਏ ਸਨ। ਕਿਸਾਨ ਨੇ ਨਗਰਪ੍ਰੀਸ਼ਦ ਦੇ ਕੌਂਸਲਰਾਂ, ਅਧਿਕਾਰੀਆਂ, ਕਰਮਚਾਰੀਆਂ ਤੇ ਆਮ ਜਨਤਾ ਦੇ ਕੰਮਾਂ ਵਿੱਚ ਦਖਲ ਨਹੀਂ ਦਿੱਤਾ ਤੇ ਧਰਨੇ ’ਤੇ ਬਹਿ ਕੇ ਸੱਤਾਧਾਰੀ ਆਗੂਆਂ ਦਾ ਇੰਤਜ਼ਾਰ ਕਰਦੇ ਰਹੇ। ਕਿਸਾਨ ਮੋਰਚੇ ਦੇ ਸੱਦੇ ’ਤੇ ਮਾਡਲ ਟਾਊਨ ਪਾਰਕ ਵਿਚ ਕਿਸਾਨ ਪੁੱਜੇ ਤੇ ਅਨਾਜ ਮੰਡੀ ਪ੍ਰਧਾਨ ਮਾਸਟਰ ਰਘੁਵੀਰ ਸਿੰਘ ਦੀ ਪ੍ਰਧਾਨਗੀ ਹੇਠ ਕਿਸਾਨ ਨੇਤਾ ਗੁਰਦਿਆਲ ਸਿੰਘ, ਪ੍ਰੇਮ ਸਿੰਘ, ਸਾਬਕਾ ਸਰਪੰਚ, ਧੀਰਜ ਗਾਬਾ, ਈਸ਼ਵਰ ਬੁਰਾ, ਹਰੀ ਸਿੰਘ ਡਾਂਗਰਾ, ਲਾਭ ਸਿੰਘ, ਮਨਜੀਤ ਸਿੰਘ, ਰਮੇਸ਼ ਡਾਂਗਰਾ, ਰਣਜੀਤ ਸਿੰਘ ਢਿੱਲੋਂ, ਮਾਛਿੰਦਰ ਸਿੰਘ, ਰਾਜਿੰਦਰ ਸਮੈਣ ਤੇ ਹੋਰ ਸੈਂਕੜੇ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ ਤੇ ਰੋਸ ਮਾਰਚ ਕਰਦੇ ਹੋਏ ਚੰਡੀਗਡ੍ਹ ਰੋਡ ’ਤੇ ਨਗਰਪ੍ਰੀਸ਼ਦ ਗੇਟ ’ਤੇ ਧਰਨਾ ਆਰੰਭ ਕਰ ਦਿੱਤਾ। ਉਨ੍ਹਾਂ ਸਪਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਸੱਤਾਧਾਰੀਆਂ ਦਾ ਓਨਾ ਚਿਰ ਵਿਰੋਧ ਕਰਦੇ ਰਹਿਣਗੇ ਜਦੋਂ ਤਕ ਖੇਤੀ ਕਾਨੂੰਨਾਂ ਦੀ ਵਾਪਸੀ ਨਹੀਂ ਹੁੰਦੀ। ਇਸ ਮੌਕੇ ਰਣਜੀਤ ਢਿਲੋਂ, ਮਾਸਟਰ ਰਘੁਵੀਰ ਸਿੰਘ, ਮਾਛਿੰਦਰ ਸਿੰਘ, ਰਮੇਸ਼ ਡਾਂਗਰਾ, ਸੱਜਣ ਸਿੰਘ, ਲਾਭ ਸਿੰਘ ਤੇ ਮਨਜੀਤ ਸਿੰਘ ਪੁਰਨ ਮਾਜਰਾ ਨੇ ਸੰਬੋਧਨ ਕੀਤਾ।
ਕੌਂਸਲਰਾਂ ਦੀ ਆਖ਼ਰੀ ਮੀਟਿੰਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦਾ ਨਿਰਮਾਣ ਚੰਡੀਗੜ੍ਹ ਰੋਡ ਤੇ ਕੀਤੇ ਜਾਣ ਦਾ ਮਤਾ ਸਰਬਸੰਮਤੀ ਨਾਲ ਪਾਸ ਕਰਕੇ ਨਗਰਪਾਲਿਕਾ 25 ਲੱਖ ਰੁਪਏ ਚੌਕ ਨਿਰਮਾਣ ’ਤੇ ਖਰਚ ਕਰੇਗੀ। ਦੂਜੇ ਮਤੇ ਵਿੱਚ ਨਗਰਪ੍ਰੀਸ਼ਦ ਕਰਮਚਾਰੀਆਂ ਲਈ ਨਵੇਂ ਕੰਪਿਊਟਰ ਸੈਟ ਖਰੀਦਣ ਦੀ ਮਨਜ਼ੂਰੀ ਦਾ ਮਤਾ ਪਾਸ ਕੀਤਾ ਗਿਆ।