ਸੁਰਜੀਤ ਮਜਾਰੀ
ਬੰਗਾ, 21 ਜੂਨ
ਇਥੋਂ ਨੇੜਲੇ ਪਿੰਡ ਖਮਾਚੋਂ ਵਾਸੀ ਆਈਏਐੱਸ ਧਰਮਪਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਦੇ ਨਵੇਂ ਸਲਾਹਕਾਰ ਨਿਯੁਕਤ ਕੀਤੇ ਗਏ ਹਨ। ਇਹ ਖ਼ਬਰ ਪੁੱਜਦਿਆਂ ਹੀ ਉਨ੍ਹਾਂ ਦੇ ਜੱਦੀ ਪਿੰਡ ਖਮਾਚੋਂ ’ਚ ਖੁਸ਼ੀ ਦਾ ਮਾਹੌਲ ਬਣ ਗਿਆ। ਉਹ 1988 ਬੈਚ ਦੇ ਆਈਏਐੱਸ ਅਧਿਕਾਰੀ ਹਨ। ਉਨ੍ਹਾਂ ਦੇ ਜੱਦੀ ਘਰ ’ਚ ਜੁੜੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਪ੍ਰਾਪਤੀ ’ਤੇ ਪਿੰਡ ਨੂੰ ਮਾਣ ਹੈ ਕਿ ਇੱਕ ਸੰਘਰਸ਼ਸ਼ੀਲ ਪਰਿਵਾਰ ਨਾਲ ਸਬੰਧਤ ਇਸ ਹੋਣਹਾਰ ਅਫ਼ਸਰ ਨੇ ਵੱਡੀ ਪੱਧਰ ’ਤੇ ਨਾਮਣਾ ਖੱਟਿਆ ਹੈ। ਘਰ ’ਚ ਮੌਜੂਦ ਉਸ ਦੇ ਚਾਚਾ ਸਮਾਜ ਸੇਵੀ ਹਰਬਲਾਸ, ਚਾਚੀ ਸਾਬਕਾ ਸਰਪੰਚ ਕਸ਼ਮੀਰ ਕੌਰ ਨੇ ਦੱਸਿਆ ਕਿ ਆਈਏਐੱਸ ਅਧਿਕਾਰੀ ਧਰਮ ਪਾਲ ਦੇ ਪਿਤਾ ਸਵ. ਤਰਸੇਮ ਲਾਲ ਤੇ ਮਾਤਾ ਦਰਸ਼ੋ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਪੁੱਤਰ ਪੜ੍ਹ ਲਿਖ ਕੇ ਲੋਕ ਸੇਵਾ ਦੇ ਖੇਤਰ ’ਚ ਵੱਡੀਆਂ ਪ੍ਰਾਪਤੀਆਂ ਕਰੇ। ਉਨ੍ਹਾਂ ਕਿਹਾ ਕਿ ਮਾਪਿਆਂ ਦਾ ਸੁਪਨਾ ਅੱਜ ਪੂਰਾ ਹੁੰਦਾ ਦੇਖ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ। ਉਨ੍ਹਾਂ ਦੇ ਦੋਸਤ ਡਾ. ਬਖਸ਼ੀਸ਼ ਸਿੰਘ ਨੇ ਕਿਹਾ ਕਿ ਧਰਮ ਪਾਲ ਦੀ ਇਸ ਨਿਯੁਕਤੀ ਨਾਲ ਬੰਗਾ ਇਲਾਕੇ ਦਾ ਮਾਣ ਵਧਿਆ ਹੈ।
ਮੇਰੇ ਪੁੱਤ ਨੇ ਬਹੁਤ ਮਿਹਨਤ ਕੀਤੀ….
ਆਈਏਐੱਸ ਅਧਿਕਾਰੀ ਧਰਮ ਪਾਲ ਦੇ ਮਾਤਾ ਦਰਸ਼ੋ ਜੋ ਕਿ ਅੱਜ ਹੀ ਪਿੰਡ ਖਮਾਚੋਂ ਤੋਂ ਚੰਡੀਗੜ੍ਹ ਗਏ ਹਨ ਨਾਲ ਜਦੋਂ ਇਸ ਖੁਸ਼ਖ਼ਬਰੀ ਸਬੰਧੀ ਗੱਲਬਾਤ ਸਾਂਝੀ ਕੀਤੀ ਤਾਂ ਉਨ੍ਹਾਂ ਭਰਵੀਂ ਆਵਾਜ਼ ਵਿੱਚ ਕਿਹਾ ਕਿ ਮੇਰੇ ਪੁੱਤ ਨੇ ਸਾਰੀ ਜ਼ਿੰਦਗੀ ਬਹੁਤ ਮਿਹਨਤ ਕੀਤੀ ਹੈ ਅਤੇ ਉਸ ਨੇ ਵੱਡਾ ਅਫ਼ਸਰ ਬਣ ਕੇ ਸਾਡੀਆਂ ਜੱਦਾਂ ਦਾ ਨਾਂ ਦੁਨੀਆਂ ’ਚ ਰੌਸ਼ਨ ਕਰ ਦਿੱਤਾ ਹੈ। ਅਜਿਹੀ ਹੋਣਹਾਰ ਔਲਾਦ ਕਰਕੇ ਮਾਪਿਆਂ ਦਾ ਸਿਰ ਹਮੇਸ਼ਾਂ ਉੱਚਾ ਹੁੰਦਾ ਹੈ।