ਪਾਲ ਸਿੰਘ ਨੌਲੀ
ਜਲੰਧਰ, 21 ਜੂਨ
ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਤੇ ਦਿ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਪੰਜਾਬ ਨੇ ਸਾਂਝੇ ਤੌਰ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵੀਰ ਸਿੰਘ ਨੇ ਕਿਹਾ ਕਿ ਪਟਵਾਰੀਆਂ ਦੀਆਂ ਤਿੰਨ ਹਜ਼ਾਰ ਅਸਾਮੀਆਂ ਖਾਲੀ ਹਨ, ਉਨ੍ਹਾਂ ਨੂੰ ਲੰਮੇ ਸਮੇਂ ਤੋਂ ਭਰਿਆ ਨਹੀਂ ਜਾ ਰਿਹਾ। ਪਟਵਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਕਲਮ ਛੱਡੋ ਹੜਤਾਲ ’ਤੇ ਚਲੇ ਜਾਣਗੇ ਤੇ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਹੜਤਾਲ ’ਤੇ ਰਹਿਣਗੇ।
ਕਾਹਨੂੰਵਾਨ(ਵਰਿੰਦਰਜੀਤ ਜਾਗੋਵਾਲ): ਇੱਥੇ ਸਬ ਤਹਿਸੀਲ ਦਫ਼ਤਰ ਵਿੱਚ ਪਹੁੰਚੇ ਜਰਨੈਲ ਸਿੰਘ ਲਾਧੂਪੁਰ ਨੇ ਦੱਸਿਆ ਕਿ ਉਹ ਜ਼ਮੀਨ ਸਬੰਧੀ ਕੋਈ ਕੰਮ ਕਰਵਾਉਣ ਲਈ ਹਲਕਾ ਪਟਵਾਰੀ ਤੋਂ ਆਇਆ ਸੀ, ਪਰ ਉਸ ਨੇ ਉਨ੍ਹਾਂ ਦੇ ਹਲਕੇ ਦਾ ਕੋਈ ਵੀ ਕੰਮ ਕਰਨ ਤੋਂ ਮਨ੍ਹਾਂ ਕਰ ਦਿੱਤਾ। ਇਸੇ ਤਰ੍ਹਾਂ ਹੋਰ ਵੀ ਕਈ ਵਿਅਕਤੀ ਅੱਜ ਖੁਆਰ ਹੁੰਦੇ ਰਹੇ। ‘ਦਾ ਰੈਵੀਨਿਊ ਪਟਵਾਰ ਯੂਨੀਅਨ’ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਅਤੇ ਕਾਨੂੰਗੋ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਸੈਣੀ ਨੇ ਮੰਗਾਂ ਮੰਨਣ ਦੀ ਅਪੀਲ ਕੀਤੀ। ਡੀਸੀ ਗੁਰਦਾਸਪੁਰ ਮੁਹੰਮਦ ਇਸਫਾਕ ਨੇ ਕਿਹਾ ਕਿ ਉਹ ਮਾਲ ਮਹਿਕਮੇ ਦੇ ਮੁਲਾਜ਼ਮਾਂ ਨੂੰ ਅਪੀਲ ਕਰਦੇ ਹਨ ਕਿ ਉਹ ਦੋ ਜਾਂ ਤਿੰਨ ਮਹੀਨੇ ਲਈ ਇਹ ਕਾਰਜ ਪਹਿਲਾਂ ਦੀ ਵਾਂਗ ਜਾਰੀ ਰੱਖਣ। ਪੰਜਾਬ ਸਰਕਾਰ 1152 ਅਸਾਮੀਆਂ ਲਈ ਜਾਰੀ ਕੀਤੀ ਗਈ ਭਰਤੀ ਪ੍ਰਕਿਰਿਆ ਜਲਦੀ ਪੂਰੀ ਕਰਨ ਜਾ ਰਹੀ ਹੈ।
ਬੰਗਾ (ਸੁਰਜੀਤ ਮਜਾਰੀ): ਪਟਵਾਰੀਆਂ ਵਲੋਂ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਜਾਰੀ ਸੰਘਰਸ਼ ਤਹਿਤ ਅੱਜ ਇਸ ਤਹਿਸੀਲ ਦੇ 110 ਵਿੱਚੋਂ 95 ਪਿੰਡਾਂ ਦਾ ਮਿਲਿਆ ਵਾਧੂ ਕੰਮ ਠੱਪ ਕਰ ਦਿੱਤਾ ਹੈ। ਇਸ ਮੌਕੇ ਪਟਵਾਰੀ ਯੂਨੀਅਨ ਦੇ ਸੂਬਾਈ ਆਗੂ ਦਵਿੰਦਰ ਬੇਗ਼ਮਪੁਰੀ ਨੇ ਦੱਸਿਆ ਕਿ ਉਹ ਸਰਕਾਰ ਅੱਗੇ ਆਪਣੀਆਂ ਮੰਗਾ ਲਈ ਸਮਾਂ ਦਰ ਸਮਾਂ ਫਰਿਆਦ ਕਰਦੇ ਆ ਰਹੇ ਹਨ ਪਰ ਕੋਈ ਅਸਰ ਨਾ ਹੋਣ ਕਰਕੇ ਇਹ ਐਕਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਕਲਮ ਛੋੜ ਹੜਤਾਲ ਲਈ ਸਖ਼ਤ ਫ਼ੈਸਲੇ ਲੈਣ ਲਈ ਮਜਬੂਰ ਹੋਣਾ ਪਵੇਗਾ।
ਬਟਾਲਾ(ਦਲਬੀਰ ਸੱਖੋਵਾਲੀਆ): ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਜਸਵੰਤ ਸਿੰਘ ਦਾਲਮ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਟਵਾਰੀਆਂ ਦੀਆਂ ਖ਼ਾਲੀ ਅਸਾਮੀਆਂ ਦੀ ਭਰਤੀ ਕੀਤੀ ਜਾਵੇ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪਟਵਾਰੀਆਂ ਨੂੰ ਕੰਪਿਊੂਟਰ ਜਾਂ ਲੈਪਟਾਪ ਦਿੱਤੇ ਜਾਣ ਤਾਂ ਜੋ ਕਾਸ਼ਤਕਾਰਾਂ ਨੂੰ ਸਬੰਧਤ ਰਿਕਾਰਡ ਲੈਣ ’ਚ ਮੁਸ਼ਕਲ ਨਾ ਆਏ। ਇਸ ਮੌਕੇ ਸੂਬਾਈ ਕਮੇਟੀ ਮੈਂਬਰ ਸੁਖਪ੍ਰੀਤ ਸਿੰਘ, ਕਰਨਜਸਪਾਲ ਸਿੰਘ , ਦੇਵਿੰਦਰ ਸਿੰਘ, ਉਂਕਾਰ ਸਿੰਘ, ਰਛਪਾਲ ਸਿੰਘ ਹਾਜ਼ਰ ਸਨ।