ਕੋਲਕਾਤਾ, 22 ਜੂਨ
ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਫੜੇ ਗਏ ਚੀਨੀ ਨਾਗਰਿਕ ਨੇ ਅਹਿਮ ਖੁਲਾਸੇ ਕੀਤੇ ਹਨ। ਉਸ ਨੇ ਪੁੱਛਗਿਛ ਦੌਰਾਨ ਦੱਸਿਆ ਹੈ ਕਿ ਉਸ ਦੇ ਮੁਲਕ ਦੀਆਂ ਕਈ ਏਜੰਸੀਆਂ ਰੱਖਿਆ ਮੰਤਰਾਲੇ ਸਮੇਤ ਕੇਂਦਰ ਸਰਕਾਰ ਦੀਆਂ ਵੱਖ ਵੱਖ ਵੈਬਸਾਈਟਾਂ ਹੈਕ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟਾਸਕ ਫੋਰਸ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਮੰਤਰਾਲੇ ਅਤੇ ਬੀਐਸਐਨਐਲ ਨਾਲ ਜੁੜੀ ਬੰਗਲੂਰੂ ਆਧਾਰਤ ਕੰਪਨੀ ਨੂੰ ਨਿਸ਼ਾਨਾ ਬਣਾਇਆ ਹੈ। ਹਾਨ ਜੁਨਵੇ ਨੂੰ ਭਾਰਤ-ਬੰਗਲਾਦੇਸ਼ ਸਰਹੱਦ ਰਾਹੀਂ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਕਾਬੂ ਕੀਤਾ ਗਿਆ ਸੀ। ਵਿਸ਼ੇਸ਼ ਜਾਂਚ ਟੀਮ ਦੇ ਇਕ ਅਫਸਰ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਚੀਨੀ ਏਜੰਸੀਆਂ ਦੇ ਨਿਸ਼ਾਨੇ ’ਤੇ ਕਈ ਏਅਰੋਸਪੇਸ ਕੰਪਨੀਆਂ ਹਨ। ਉਸਨੇ ਦੱਸਿਆ ਕਿ ਚੀਨ ਭਾਰਤੀ ਰੱਖਿਆ ਪ੍ਰਣਾਲੀ ਵਿੱਚ ਝਾਤੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਲਈ ਉਹ ਰੱਖਿਆ ਮੰਤਰਾਲੇ ਦੀਆਂ ਵੈਬਸਾਈਟਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਉਹ ਜਾਨਵੇ ਦੇ ਇਨ੍ਹਾਂ ਏਜੰਸੀਆਂ ਨਾਲ ਸਬੰਧ ਅਤੇ ਉਹ ਭਾਰਤ ਵਿੱਚ ਕਿਹੜੀ ਭੂਮਿਕਾ ਨਿਭਾ ਰਿਹਾ ਸੀ, ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਐਸਟੀਐਫ ਨੇ ਉਸ ਨੂੰ 12 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਟੀਮ ਹਾਲੇ ਉਸ ਤੋਂ ਬਰਾਮਦ ਮੋਬਾਈਲ ਫੋਨ ਅਤੇ ਲੈਪਟੌਪ ਨੂੰ ਵੀ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤੋਂ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।-ਏਜੰਸੀ