ਪੱਤਰ ਪ੍ਰੇਰਕ
ਮਾਨਸਾ, 21 ਜੂਨ
ਇੱਥੇ ਅੱਜ ਸਵੇਰ ਸਰਕਾਰੀ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਭੀਖੀ ਤੋਂ ਬੱਸ ਵਿੱਚ ਚੜ੍ਹ ਕੇ ਮਾਨਸਾ ਆ ਰਿਹਾ ਸੀ ਅਤੇ ਚੌਕ ਵਿੱਚ ਬੱਸ ਤੋਂ ਉਤਰਦੇ ਸਮੇਂ ਟਾਇਰ ਹੇਠ ਆ ਗਿਆ। ਸਿਟੀ-2 ਮਾਨਸਾ ਦੀ ਪੁਲੀਸ ਨੇ ਬੱਸ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਭੀਖੀ ਦੇ ਵਾਰਡ ਨੰਬਰ 3 ਦਾ ਨਿਵਾਸੀ ਰਾਜੀਵ ਕੁਮਾਰ ਉਰਫ ਅੰਕੁਸ਼ (20) ਪੁੱਤਰ ਮੇਘਰਾਜ ਇੱਕ ਦਿਨ ਪਹਿਲਾਂ ਮਾਨਸਾ ਵਿੱਚ ਕਾਰ ਡਰਾਇੰਵੀਗ ਸਕੂਲ ਤੇ ਡਰਾਈਵਿੰਗ ਸਿੱਖਣ ਲਈ ਗੱਲਬਾਤ ਕਰਕੇ ਗਿਆ ਸੀ, ਜਦੋਂ ਉਹ ਆਪਣੀ ਡਰਾਈਵਿੰਗ ਸਿੱਖਣ ਲਈ ਆਪਣੇ ਭਰਾ ਰਮਨੀਕ ਗਰਗ ਨਾਲ ਸੰਗਰੂਰ ਡਿੱਪੂ ਦੀ ਰੋਡਵੇਜ਼ ਬੱਸ ’ਤੇ ਭੀਖੀ ਤੋਂ ਮਾਨਸਾ ਆ ਰਿਹਾ ਸੀ। ਸ਼ਹਿਰ ਦੇ ਤਿੰਨਕੋਣੀ ਚੌਕ ਵਿੱਚ ਬੱਸ ਰੁਕਣ ਲਈ ਹੌਲੀ ਹੋਈ ਤਾਂ ਉਸ ਨੇ ਪਿਛਲੀ ਤਾਕੀ ਤੋਂ ਛਾਲ ਮਾਰ ਦਿੱਤੀ, ਜਦੋਂ ਕਿ ਉਸ ਦਾ ਭਰਾ ਰਮਨੀਕ ਮੂਹਰਲੀ ਤਾਕੀ ’ਤੇ ਖੜ੍ਹਾ ਸੀ। ਇਸ ਦੌਰਾਨ ਰਾਜੀਵ ਚੌਕ ਵਿੱਚ ਲੱਗੇ ਖੰਭੇ ਵਿੱਚ ਵੱਜ ਕੇ ਬੱਸ ਦੇ ਟਾਇਰ ਹੇਠ ਆ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਥਾਣਾ ਸਿਟੀ-2 ਮਾਨਸਾ ਦੇ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਭਰਾ ਰਮਨੀਕ ਗਰਗ ਦੇ ਬਿਆਨ ’ਤੇ ਰੋਡਵੇਜ਼ ਬੱਸ ਪੀਬੀ-13-ਏਐਲ-8941 ਦੇ ਚਾਲਕ ਜਗਤਾਰ ਸਿੰਘ ਵਾਸੀ ਪਿੰਡ ਕਾਂਝਲਾ ਜ਼ਿਲ੍ਹਾ ਸੰਗਰੂਰ ਦੇ ਖਿਲਾਫ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।