ਜੋਗਿੰਦਰ ਸਿੰਘ ਮਾਨ
ਮਾਨਸਾ, 21 ਜੂਨ
ਇੱਥੇ ਸੀਪੀਆਈ ਵੱਲੋਂ ਵਧ ਰਹੀ ਮਹਿੰਗਾਈ, ਪੈਟਰੋਲ, ਡੀਜ਼ਲ, ਗੈਸ ਕੀਮਤਾਂ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੋਸ ਮਾਰਚ ਕਰ ਕੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਇਹ ਰੋਸ ਮਾਰਚ ਪਾਰਟੀ ਦੇ ਸਕੱਤਰ ਰੂਪ ਸਿੰਘ ਢਿੱਲੋਂ ਅਤੇ ਸ਼ਹਿਰੀ ਸਕੱਤਰ ਰਤਨ ਭੋਲਾ ਦੀ ਅਗਵਾਈ ਹੇਠ ਕੱਢਿਆ ਗਿਆ।
ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਮਾੜੀ ਆਰਥਿਕਤਾ ਨੇ ਦੇਸ਼ ਨੁੂੰ ਤਬਾਹੀ ਵੱਲ ਧੱਕਿਆ ਹੈ, ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਚੰਦ ਕਾਰਪੋਰੇਟ ਘਰਾਣਿਆਂ ਅਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਹਰ ਤਬਕਾ ਕਿਸਾਨ, ਮਜ਼ਦੂਰ, ਨੌਜਵਾਨ, ਦੁਕਾਨਦਾਰ ਅਤੇ ਛੋਟਾ ਵਪਾਰੀ, ਮੁਲਾਜ਼ਮ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦੇ ਰਾਹ ਪਿਆ ਹੋਇਆ ਹੈ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਤਿੰਨ ਖੇਤੀ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਕਿਰਤ ਕਾਨੂੰਨਾਂ ਸਮੇਤ ਕਾਲੇ ਕਾਨੂੰਨਾਂ ਨੁੂੰ ਰੱਦ ਕਰਵਾਉਣ ਲਈ ਸੰਘਰਸ਼ ਨੂੰ ਤੇਜ਼ ਨਾ ਕੀਤਾ ਗਿਆ ਤਾਂ ਸਰਮਾਏਦਾਰੀ ਧਿਰਾਂ ਛੇਤੀ ਹੀ ਦੇਸ਼ ਦੇ ਸਿਸਟਮ ’ਤੇ ਕਾਬਜ਼ ਹੋਣਗੀਆਂ।
ਇਸ ਮੌਕੇ ਸੁਖਦੇਵ ਪੰਧੇਰ, ਸੁਖਦੇਵ ਮਾਨਸਾ, ਕਾਕਾ ਸਿੰਘ, ਕ੍ਰਿਸ਼ਨ ਜੋਗਾ, ਨਰੇਸ਼ ਬੁਰਜ ਹਰੀ, ਕੇਵਲ ਐਮ.ਸੀ., ਖੁਸ਼ਪਿੰਦਰ ਕੌਰ ਚੌਹਾਨ, ਹਰਪਾਲ ਬੱਪੀਆਣਾ ਤੇ ਕਿਰਨਾ ਰਾਣੀ ਨੇ ਵੀ ਸੰਬੋਧਨ ਕੀਤਾ।
ਟਰਾਂਸਪੋਰਟ ਅਪਰੇਟਰਾਂ ਦਾ ਕਾਰੋਬਾਰ ਤਬਾਹ
ਬੋਹਾ (ਨਿਰੰਜਣ ਬੋਹਾ): ਟਰੱਕ ਯੂਨੀਅਨ ਬੋਹਾ ਦੇ ਅਪਰੇਟਰਾਂ ਨੇ ਤੇਲ ਦੀਆਂ ਵਧੀਆਂ ਕੀਮਤਾਂ ਦਾ ਵਿਰੋਧ ਕਰਨ ਲਈ ਰੱਤੀਆਂ-ਬੁਢਲਾਡਾ ਮੇਨ ਸੜਕ ’ਤੇ ਧਰਨਾ ਲਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਦਲੇਰ ਸਿੰਘ, ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਮੰਗਲਾ, ਕਿਰਪਾਲ ਸਿੰਘ ਖਾਲਸਾ ਤੇ ਸੁਖਦੇਵ ਸਿੰਘ ਗੰਢੂ ਕਲਾਂ ਆਦਿ ਨੇ ਕਿਹਾ ਕਿ ਤੇਲ ਦੀਆਂ ਵਧੀਆਂ ਕੀਮਤਾਂ ਨੇ ਟਰਾਂਸਪੋਰਟ ਦਾ ਕਾਰੋਬਾਰ ਤਬਾਹ ਕਰਕੇ ਰੱਖ ਦਿੱਤਾ ਹੈ , ਇਸ ਲਈ ਅਤੇ ਟਰੱਕ ਅਪਰੇਟਰ ਆਪਣੇ ਟੱਰਕਾਂ ਨੂੰ ਖੜ੍ਹੇ ਕਰਕੇ ਬੇਕਾਰੀ ਦੇ ਦੌਰ ਵਿੱਚੋਂ ਲੰਘ ਰਹੇ ਹਨ।