ਜਸਵੀਰ ਸਿੰਘ ਭੁੱਲਰ
ਦੋਦਾ, 21 ਜੂਨ
ਇੱਥੋਂ ਨੇੜਲੇ ਪਿੰਡ ਭੁੱਟੀਵਾਲਾ ਵਿੱਚ ਦਲਿਤ ਵਰਗ ਲਈ ਰਾਖਵੀਂ ਪੰਚਾਇਤੀ ਜ਼ਮੀਨ ਦੀ ਬੋਲੀ ਅੱਜ ਛੇਵੀਂ ਵਾਰ ਰੱਦ ਕਰਨੀ ਪਈ। ਇਸ ਵਾਰ ਵੀ ਫਰਜ਼ੀ ਬੋਲੀਕਾਰਾਂ ਨੂੰ ਬੋਲੀ ਵਿੱਚ ਸ਼ਾਮਲ ਕਰਨ ਦੀ ਜਗੀਰਦਾਰਾਂ ਦੀ ਕੋਸ਼ਿਸ਼ ਨੂੰ ਮਜ਼ਦੂਰਾਂ ਨੇ ਬੂਰ ਨਹੀਂ ਪੈਣ ਦਿੱਤਾ।
ਮਜ਼ਦੂਰਾਂ ਲਈ ਰਾਖਵੀਂ ਸਵਾ ਤਿੰਨ ਏਕੜ ਜ਼ਮੀਨ ਦੀ 57 ਹਜ਼ਾਰ ਰੁਪਏ ਬੋਲੀ ਹੋਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਹ ਕਹਿ ਕੇੇ ਬੋਲੀ ਰੱਦ ਕਰ ਦਿੱਤੀ ਕਿ ਉਕਤ ਜ਼ਮੀਨ ਡੇਢ ਲੱਖ ਤੋਂ ਘੱਟ ਨਹੀਂ ਦਿੱਤੀ ਜਾਵੇਗੀ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਰਾਖਵੀਂ ਜ਼ਮੀਨ ਘੱਟ ਰੇਟ ਉੱਤੇ ਮਜ਼ਦੂਰਾਂ ਨੂੰ ਦਿੱਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਜਨਰਲ ਜ਼ਮੀਨ ਦੇ ਬੋਲੀਕਾਰ ਨੇ ਰਿਜ਼ਰਵ ਕੋਟੇ ਵਾਲੀ ਜ਼ਮੀਨ ਦੇ ਇਕ ਏਕੜ ਟੁਕੜੇ ਨੂੰ ਵਾਹ ਲਿਆ ਹੈ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇਜ ਕੌਰ, ਸੁਖਜੀਤ ਕੌਰ, ਮਨਪ੍ਰੀਤ ਕੌਰ, ਜਸਮੇਲ ਕੌਰ, ਗਨਸੀ ਸਿੰਘ, ਬੋਹੜ ਸਿੰਘ, ਨਛੱਤਰ ਸਿੰਘ ਅਤੇ ਬਲਵੀਰ ਸਿੰਘ ਆਦਿ ਮੌਜੂਦ ਸਨ।