ਮੁੰਬਈ, 21 ਜੂਨ
ਬੰਬੇ ਸਟਾਕ ਐਕਸਚੇਂਜ ਸੈਂਸੈਕਸ ਸੋਮਵਾਰ ਨੂੰ ਸਵੇਰ ਸਮੇਂ ਡਿੱਗਣ ਤੋਂ ਬਾਅਦ ਅਚਾਨਕ ਐੱਚਡੀਐੱਫਸੀ ਟਵਿਨਜ਼, ਭਾਰਤੀ ਸਟੇਟ ਬੈਂਕ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਆਈ ਤੇਜ਼ੀ ਨਾਲ ਸ਼ਾਮ ਨੂੰ 230.01 ਅੰਕਾਂ ਦੀ ਮਜ਼ਬੂਤੀ ਨਾਲ 52,574 ’ਤੇ ਬੰਦ ਹੋਇਆ।
30 ਸ਼ੇਅਰਾਂ ’ਤੇ ਆਧਾਰਤ ਬੰਬੇ ਸਟਾਕ ਐਕਸਚੇਂਜ ਵਿੱਚ ਸਵੇਰ ਸਮੇਂ ਸੈਂਸੈਕਸ 600 ਪੁਆਇੰਟਾਂ ਤੋਂ ਵੀ ਹੇਠਾਂ ਚਲਾ ਗਿਆ ਸੀ ਪਰ ਬਾਅਦ ਵਿਚ ਅਚਾਨਕ ਤੇਜ਼ੀ ਪਰਤੀ ਅਤੇ ਅਖ਼ੀਰ ਇਹ 230.01 ਪੁਆਇੰਟਾਂ ਮਤਲਬ 0.44 ਫ਼ੀਸਦ ਦੀ ਮਜ਼ਬੂਤੀ ਨਾਲ 52,574.46 ’ਤੇ ਬੰਦ ਹੋਇਆ। ਇਸੇ ਤਰ੍ਹਾਂ ਐੱਨਐੱਸਈ ਨਿਫਟੀ 63.15 ਅੰਕ ਮਤਲਬ 0.40 ਫ਼ੀਸਦ ਦੀ ਮਜ਼ਬੂਤ ਨਾਲ 15,746.50 ’ਤੇ ਬੰਦ ਹੋਇਆ। ਸੈਂਸੈਕਸ ਵਿਚ ਐੱਨਟੀਪੀਸੀ ਦਾ ਸ਼ੇਅਰ 3.87 ਫ਼ੀਸਦ ਦੇ ਵਾਧੇ ਨਾਲ ਸਭ ਤੋਂ ਜ਼ਿਆਦਾ ਫਾਇਦੇ ਦਾ ਸ਼ੇਅਰ ਰਿਹਾ। ਉਸ ਤੋਂ ਬਾਅਦ ਟਾਈਟਨ, ਭਾਰਤੀ ਸਟੇਟ ਬੈਂਕ, ਐੱਚਯੂਐੱਲ, ਅਲਟਰਾਟੈਕ ਸੀਮਿੰਟ, ਟਾਟਾ ਸਟੀਲ ਅਤੇ ਇੰਡਸਇੰਡ ਬੈਂਕ ਵਿਚ ਵੀ ਚੰਗੀ ਤੇਜ਼ੀ ਰਹੀ। ਬਾਜ਼ਾਰ ਵਿਚ ਤੇਜ਼ੀ ਲਿਆਉਣ ਲਈ ਐੱਚਡੀਐੱਫਸੀ ਟਵਿਨਜ਼, ਐੱਚਯੂਐੱਲ ਤੇ ਰਿਲਾਇੰਸ ਇੰਡਸਟਰੀਜ਼ ਦਾ ਸਭ ਤੋਂ ਵੱਧ ਯੋਗਦਾਨ ਰਿਹਾ। ਦੂਜੇ ਪਾਸੇ ਮਾਰੂਤੀ ਸੁਜ਼ੂਕੀ ਵਿਚ ਸਭ ਤੋਂ ਵੱਧ 0.82 ਫ਼ੀਸਦ ਦਾ ਨਿਘਾਰ ਆਇਆ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਦੇ ਸ਼ੇਅਰਾਂ ਵਿਚ ਇਹ ਨਿਘਾਰ ਕੰਪਨੀ ਵੱਲੋਂ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧੇ ਦੇ ਮੱਦੇਨਜ਼ਰ ਦੂਜੀ ਤਿਮਾਹੀ ਵਿਚ ਆਪਣੇ ਸਾਰੇ ਉਤਪਾਦਾਂ ਦੀਆਂ ਕੀਮਤਾਂ ਵਧਾਏ ਜਾਣ ਸਬੰਧੀ ਗੱਲ ਕਹੇ ਜਾਣ ਤੋਂ ਬਾਅਦ ਆਇਆ ਹੈ। ਉਸ ਤੋਂ ਬਾਅਦ ਟੀਸੀਐੱਸ, ਟੈੱਕ ਮਹਿੰਦਰਾ, ਐੱਮ ਐਂਡ ਐੱਮ, ਐੱਲ ਐਂਡ ਟੀ ਅਤੇ ਇਨਫੋਸਿਸ ਦੇ ਸ਼ੇਅਰਾਂ ਵਿਚ 0.74 ਫ਼ੀਸਦ ਤੱਕ ਦਾ ਨਿਘਾਰ ਆਇਆ। -ਪੀਟੀਆਈ