ਰਤੀਆ (ਪੱਤਰ ਪ੍ਰੇਰਕ): ਐਫਸੀਆਈ ਦਾ ਕਰੋੜਾਂ ਰੁਪਏ ਦਾ ਝੋਨਾ ਖੁਰਦ ਬੁਰਦ ਕਰਨ ਦੇ ਦੋਸ਼ ਹੇਠ ਰਤੀਆ ਪੁਲੀਸ ਨੇ ਪਿੰਡ ਨਥਵਾਨ ਦੇ ਇੱਕ ਸ਼ੈਲਰ ਮਾਲਕ ਅਤੇ ਤਿੰਨ ਗਾਰੰਟਰਾਂ ਸਮੇਤ 4 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਇਹ ਮਾਮਲਾ ਫੂਡ ਸਪਲਾਈ ਵਿਭਾਗ ਦੇ ਉੱਚ ਅਧਿਕਾਰੀ ਸੁਰਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਫੂਡ ਸਪਲਾਈ ਵਿਭਾਗ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਖੋਖਰ ਰਾਇਸ ਮਿੱਲ ਨਥਵਾਨ ਵਿਖੇ ਮਿਲਿੰਗ ਲਈ ਝੋਨਾ ਸਟੋਰ ਕੀਤਾ ਸੀ ਜਿਸ ਲਈ ਉਨ੍ਹਾਂ ਕੁਝ ਚੌਲ ਜਮਾਂ ਵੀ ਕਰਵਾ ਦਿੱਤਾ ਸੀ ਪਰ ਚੌਲਾਂ ਦੀ ਡਿਲਿਵਰੀ ਬਕਾਇਆ ਹੈ ਜਿਸ ਨੂੰ ਵਿਭਾਗ ਪਾਸ ਸਟੋਰ ਕਰਨ ਤੋਂ ਉਹ ਨਾਕਾਮ ਰਹੇ। ਉਨ੍ਹਾਂ ਦੱਸਿਆ ਕਿ ਐਫਸੀਆਈ ਵੱਲੋਂ ਚੌਲ ਜਮਾਂ ਕਰਵਾਉਣ ਦੀ ਮਿਤੀ 30 ਜੂਨ ਤੱਕ ਵਧਾ ਦਿੱਤੀ ਗਈ ਸੀ ਜਿਸ ਦੇ ਚੱਲਦਿਆਂ ਫੂਡ ਸਪਲਾਈ ਅਧਿਕਾਰੀ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਸ਼ੈਲਰ ਦੀ ਜਾਂਚ ਕੀਤੀ ਗਈ ਸੀ ਜਿਸ ਵਿੱਚ ਸ਼ੈਲਰ ਵਿੱਚ ਝੋਨੇ ਦਾ ਸਟਾਕ ਨਿਲ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 10 ਜੂਨ ਨੂੰ ਇੱਕ ਨੋਟਿਸ ਭੇਜ ਕੇ ਸ਼ੈਲਰ ਮਾਲਕ ਅਤੇ ਗਾਰੰਟਰਾਂ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਗਿਆ ਸੀ ਜਿਸ ਦਾ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਪੁਲੀਸ ਨੇ ਖੋਖਰ ਰਾਇਸ ਮਿੱਲ ਦੇ ਮਾਲਕ ਸਿਆਸਤ ਸਿੰਘ ਤੋਂ ਇਲਾਵਾ ਦਲਬੀਰ ਸਿੰਘ, ਸਤਗੁਰ ਸਿੰਘ ਅਤੇ ਨਰੇਸ਼ ਕੁਮਾਰ ਖਿਲਾਫ ਕੇਸ ਦਰਜ ਕੀਤਾ ਹੈ।