ਐਨ.ਪੀ.ਧਵਨ
ਪਠਾਨਕੋਟ, 22 ਜੂਨ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਜ਼ਿਲ੍ਹਾ ਪਠਾਨਕੋਟ ਵਲੋਂ ਦਫਤਰਾਂ ਦਾ ਬਾਈਕਾਟ ਕਰਕੇ ਮੁੱਖ ਇੰਜਨੀਅਰ ਦਫ਼ਤਰ ਸਾਹਮਣੇ ਪੰਜਾਬ ਸਰਕਾਰ ਵਲੋਂ ਦਿੱਤੇ ਅਧੂਰੇ ਤਨਖਾਹ ਕਮਿਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਗੁਰਨਾਮ ਸਿੰਘ ਸੈਣੀ, ਵਿਸ਼ਾਲਵੀਰ ਸਿੰਘ, ਗੁਰਦੀਪ ਸਫਰੀ, ਯੋਗੇਸ਼ਵਰ ਸਲਾਰੀਆ, ਨਿਰਵੇਸ਼ ਡੋਗਰਾ, ਪਰਮਜੀਤ ਸਿੰਘ, ਬਾਸੂ ਖਜੂਰੀਆ, ਦੀਪਕ ਗੁਪਤਾ, ਕੁਲਵਿੰਦਰ ਸਿਘ, ਰਣਵੀਰ ਸਿੰਘ, ਪ੍ਰਿਅੰਕਾ, ਰਾਜਨ ਕੁਮਾਰ, ਪ੍ਰਸ਼ੋਤਮ ਠਾਕੁਰ ਆਦਿ ਸ਼ਾਮਲ ਸਨ। ਮੁੱਖ ਆਗੂ ਗੁਰਨਾਮ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਤਨਖਾਹ ਸਕੇਲਾਂ ਵਿੱਚ 2.25 ਅਨੁਪਾਤ ਦਾ ਵਾਧਾ ਕੀਤਾ ਹੈ ਜਦ ਕਿ ਸਰਕਾਰ ਗੁਮਰਾਹਕੁਨ ਪ੍ਰਚਾਰ ਕਰ ਰਹੀ ਕਿ ਉਸ ਨੇ 2.59 ਅਨੁਪਾਤ ਦਾ ਵਾਧਾ ਕੀਤਾ ਹੈ। ਇਸ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ 2.74 ਦੀ ਅਨੁਪਾਤ ਨਾਲ ਵਾਧਾ ਕੀਤਾ ਜਾਵੇ, ਡੀਏ ਦੇ ਸਾਰੇ ਬਕਾਏ ਇਕੱਠੇ ਦਿੱਤੇ ਜਾਣ, ਮੈਡੀਕਲ ਅਲਾਊਂਸ ਤਨਖਾਹ ਕਮਿਸ਼ਨ ਨੇ 500 ਰੁਪਏ ਤੋਂ ਵਧਾ ਕੇ 1000 ਰੁਪਏ ਕੀਤਾ ਜਦ ਕਿ ਜਥੇਬੰਦੀ ਦੀ ਮੰਗ 2000 ਰੁਪਏ ਸੀ ਪਰ ਸਰਕਾਰ ਨੇ ਟੈਲੀਫੋਨ ਭੱਤੇ ਵਿੱਚ ਵਾਧਾ ਨਹੀਂ ਕੀਤਾ, ਸਗੋਂ ਪਹਿਲਾਂ ਮਿਲਦਾ ਸਕੱਤਰੇਤ ਅਲਾਊਂਸ, ਕਨਵੇਐਂਸ ਅਲਾਊਂਸ ਵੀ ਕੱਟ ਦਿੱਤਾ, ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ। ਇਸ ਕਰਕੇ ਮੁਲਾਜ਼ਮਾਂ ਵੱਲੋਂ ਭਲਕੇ 23 ਤਰੀਕ ਤੋਂ 27 ਤਰੀਕ ਤੱਕ ਉਹ ਕਲਮਛੋੜ ਹੜਤਾਲ ਕੀਤੀ ਜਾਵੇਗੀ।