ਸੁਭਾਸ਼ ਜੋਸ਼ੀ
ਬਲਾਚੌਰ, 22 ਜੂਨ
ਸੰਯੁਕਤ ਕਿਸਾਨ-ਮਜ਼ਦੂਰ ਮੋਰਚੇ ਵੱਲੋਂ ਟੌਲ ਪਲਾਜ਼ਾ ਬਛਵਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਲਾਇਆ ਧਰਨਾ ਅੱਜ 251ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਮੋਰਚੇ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਜੱਥਾ ਮਾਰਚ ਸ਼ੁਰੂ ਕੀਤਾ ਗਿਆ, ਜੋ ਪਿੰਡ ਬਛਵਾਂ ਤੋਂ ਸ਼ੁਰੂ ਹੋਣ ਉਪਰੰਤ ਪਿੰਡ ਨਿੱਘੀ, ਕਲਾਰ, ਪਨਿਆਲੀ, ਸੋਭੂਵਾਲ, ਜਗਤੇਵਾਲ, ਕਾਠਗੜ੍ਹ, ਚਾਹਲਾ, ਜਲਾਲਪੁਰ, ਮੋਹਨ ਮਾਜਰਾ, ਜੰਡੀ, ਬਾਗੋਵਾਲ, ਟੂੰਡੇਵਾਲ ਤੋਂ ਹੁੰਦਾ ਹੋਇਆ ਰੱਤੇਵਾਲ ਵਿੱਚ ਸਮਾਪਤ ਹੋਇਆ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਚੱਲ ਰਹੇ ਕਿਸਾਨੀ ਘੋਲ ਬਾਰੇ ਜਾਣਕਾਰੀ ਦਿੱਤੀ। ਤੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੱਕ ਘੋਰ ਜਾਰੀ ਰਹੇਗਾ। ਇਸ ਦੌਰਾਨ ਉਨ੍ਹਾਂ 26 ਜੂਨ ਨੂੰ ਰਾਜ ਭਵਨ ਦੇ ਘਿਰਾਓ ਵਿੱਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿੱਚ ਜਥਿਆਂ ਦੇ ਰੂਪ ਵਿੱਚ ਟੌਲ ਪਲਾਜ਼ਾ ਬਛਵਾਂ ’ਤੇ ਸਵੇਰੇ 9 ਵਜੇ ਤੱਕ ਪੁੱਜਣ ਦੀ ਅਪੀਲ ਵੀ ਕੀਤੀ। ਇਸ ਦੌਰਾਨ ਤੇਲ ਕੀਮਤਾਂ ’ਤੇ ਵੀ ਚਿੰਤਾ ਪ੍ਰਗਟਾਈ ਗਈ। ਮਾਰਚ ਦੌਰਾਨ ਪਿੰਡਾਂ ਵਿੱਚ ਮੋਦੀ ਸਰਕਾਰ ਦੇ ਪੁਤਲੇ ਵੀ ਫੂਕੇ ਗਏ। ਜਥਾ ਮਾਰਚ ਦੀ ਅਗਵਾਈ ਸਾਥੀ ਕਰਨ ਸਿੰਘ ਰਾਣਾ, ਸਤਨਾਮ ਸਿੰਘ ਜਲਾਲਪੁਰ, ਸਾਥੀ ਅਵਤਾਰ ਸਿੰਘ ਤਾਰੀ, ਨਿਰਮਲ ਸਿੰਘ ਜੰਡੀ ਵੱਲੋਂ ਕੀਤੀ ਗਈ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਸੰਯੁਕਤ ਕਿਸਾਨ ਮੋਰਚੇ ਵਲੋਂ ਜੀਓ ਦਫਤਰ ਅੱਗੇ 196ਵੇਂ ਦਿਨ ਦਵਿੰਦਰ ਕੁਮਾਰ ਰਾਣਾ ਅਤੇ ਪ੍ਰਿੰਸੀਪਲ ਕਮਲਜੀਤ ਕੌਰ ਕੁੱਲੇਵਾਲ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਪੰਜਾਬ ਐਸੋਸੀਏਟਿਡ ਸਕੂਲਜ਼ ਵੈੱਲਫੇਅਰ ਫਰੰਟ ਇਕਾਈ ਗੜ੍ਹਸ਼ੰਕਰ ਵਲੋਂ ਜੋਗਿੰਦਰ ਸਿੰਘ ਅਤੇ ਦਵਿੰਦਰ ਰਾਣਾ ਦੀ ਅਗਵਾਈ ਹੇਠ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਧਰਨੇ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਹਰਭਜਨ ਸਿੰਘ ਅਟਵਾਲ ਤੇ ਕਿਸਾਨ ਆਗੂ ਸ਼ਿੰਗਾਰਾ ਰਾਮ ਭੱਜਲ ਸਣੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।
ਸਿਆਸੀ ਆਗੂਆਂ ਦੇ ਵਿਰੋਧ ਦਾ ਸੱਦਾ
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ ): ਪਿੰਡਾਂ ਵਿੱਚ ਆਉਣ ਵਾਲੇ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਡਟ ਕੇ ਵਿਰੋਧ ਕਰਨ ਦਾ ਸੱਦਾ ਦੇਣ ਲਈ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਘੁੱਗਸ਼ੋਰ ਵਿੱਚ ਇਕੱਠ ਕਰਕੇ ਮਾਰਚ ਦੀ ਸ਼ੁਰੂਆਤ ਕੀਤੀ ਗਈ। ਇਹ ਮਾਰਚ ਪਿੰਡ ਘੁੱਗਸ਼ੋਰ ਤੋਂ ਸ਼ੁਰੂ ਹੋ ਕੇ ਫਾਜ਼ਿਲਪੁਰ, ਪੱਤੜਕਲਾਂ, ਬਿਸ਼ਰਾਮਪੁਰ, ਖੁਸਰੋਪੁਰ, ਬੱਖੂਨੰਗਲ, ਦਿੱਤੂਨੰਗਲ, ਕਰਤਾਰਪੁਰ ਸ਼ਹਿਰ, ਮੱਲੀਆਂ, ਭੀਖਾਨੰਗਲ ਤੋਂ ਹੁੰਦਾ ਹੋਇਆ ਦਿਆਲਪੁਰ ਵਿਖੇ ਸਮਾਪਤ ਹੋਇਆ। ਇਸ ਮੌਕੇ ਪੇਡੂ ਮਜ਼ਦੂਰ ਯੁਨੀਅਨ ਦੇ ਸੁਬਾਈ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਕੇ ਐਸ ਅਟਵਾਲ, ਭਾਰਤ ਨੌਜਵਾਨ ਸਭਾ ਦੇ ਆਗੂ ਵੀਰ ਕੁਮਾਰ ਆਗੂਆਂ ਨੇ ਕਿਹਾ ਕਿ ਭਾਜਪਾ ਸਮੇਤ ਪੰਜਾਬ ਅੰਦਰ ਹਾਕਮ ਜਮਾਤਾਂ ਦੀਆਂ ਨੁਮਾਇੰਦਾ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਵੋਟ ਬੈਂਕ ਦੀ ਰਾਜਨੀਤੀ ਤਹਿਤ ਚੋਣ ਮੁਹਿੰਮ ਲਈ ਯਤਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਮਾਂ ਵੋਟਾਂ ਵੋਟਾਂ ਕਰਨ ਦਾ ਨਹੀਂ ਸਗੋਂ ਇਹ ਸਮਾਂ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਦਾ ਹੈ। ਇਨ੍ਹਾਂ ਪਾਰਟੀਆਂ ਦੇ ਆਗੂ ਹੁਣ ਵੋਟਾਂ ਲੈਣ ਲਈ ਪਿੰਡਾਂ ‘ਚ ਆ ਰਹੇ ਹਨ, ਜਿਸ ਦਾ ਜਥੇਬੰਦੀਆਂ ਡਟ ਕੇ ਵਿਰੋਧ ਕਰਨਗੀਆਂ।