ਸੰਜੀਵ ਹਾਂਡਾ
ਫ਼ਿਰੋਜ਼ਪੁਰ, 23 ਜੂਨ
ਗੈਂਗਸਟਰ ਜੈਪਾਲ ਭੁੱਲਰ ਨਾਲ ਮੁਕਾਬਲੇ ਤੋਂ ਪਹਿਲਾਂ ਉਸ ’ਤੇ ਕਿਸੇ ਕਿਸਮ ਦਾ ਪੁਲੀਸ ਤਸ਼ੱਦਦ ਨਹੀਂ ਹੋਇਆ। ਉਸ ਦੀ ਮੌਤ ਗੋਲੀਆਂ ਲੱਗਣ ਕਰਕੇ ਹੋਈ ਹੈ। ਇਸ ਗੱਲ ਦਾ ਖੁਲਾਸਾ ਜੈਪਾਲ ਭੁੱਲਰ ਦੇ ਪੀਜੀਆਈ ਚੰਡੀਗੜ੍ਹ ਵਿੱਚ ਹੋਏ ਪੋਸਟਮਾਰਟਮ ਦੀ ਰਿਪੋਰਟ ਵਿੱਚ ਹੋਇਆ ਹੈ। ਪੋਸਟਮਾਰਟਮ ਪੀਜੀਆਈ ਵਿਚ ਕੱਲ੍ਹ ਹੋਇਆ ਸੀ। ਚਾਰ ਡਾਕਟਰਾਂ ਦੀ ਟੀਮ ਨੇ ਉਸ ਦਾ ਪੋਸਟਮਾਰਟਮ ਕੀਤਾ ਹੈ। ਹਾਲਾਂਕਿ ਜੈਪਾਲ ਦੇ ਸਰੀਰ ਤੇ 22 ਸੱਟਾਂ ਦੇ ਨਿਸ਼ਾਨ ਹਨ ਪਰ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਇਹ ਨਿਸ਼ਾਨ ਪੁਲੀਸ ਤਸ਼ੱਦਦ ਦੇ ਨਹੀਂ ਹਨ। ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਨੇ ਹੁਣ ਡਾਕਟਰਾਂ ਦੀ ਇਸ ਰਿਪੋਰਟ ਤੇ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਜੈਪਾਲ ਦੇ ਸਰੀਰ ’ਤੇ 22 ਸੱਟਾਂ ਦੇ ਨਿਸ਼ਾਨ ਪਾਏ ਗਏ ਹਨ ਤਾਂ ਫ਼ਿਰ ਇਹ ਨਿਸ਼ਾਨ ਕਿਥੋਂ ਆਏ? ਭੁਪਿੰਦਰ ਸਿੰਘ ਪੀਜੀਆਈ ਦੀ ਇਸ ਰਿਪੋਰਟ ਤੋਂ ਅਸੰਤੁਸ਼ਟ ਹਨ। ਉਨ੍ਹਾਂ ਸਾਫ਼ ਕਿਹਾ ਕਿ ਇਹ ਰਿਪੋਰਟ ਵੱਡੇ ਅਫ਼ਸਰਾਂ ਦੇ ਦਬਾਅ ਹੇਠ ਆ ਕੇ ਤਿਆਰ ਕੀਤੀ ਗਈ ਹੈ। ਜੈਪਾਲ ਦਾ ਸਸਕਾਰ ਅੱਜ ਬਾਅਦ ਦੁਪਹਿਰ ਦੋ ਵਜੇ ਸ਼ਹਿਰ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।