ਸਤਪਾਲ ਰਾਮਗੜ੍ਹੀਆ
ਪਿਹੋਵਾ, 22 ਜੂਨ
ਇਨੈਲੋ ਆਗੂ ਅਭੈ ਚੌਟਾਲਾ ਵੱਲੋਂ ਭਾਜਪਾ ਨੇਤਾਵਾਂ ਉੱਤੇ ਕੀਤੀ ਟਿੱਪਣੀ ਨੂੰ ਲੈ ਕੇ ਵਰਕਰਾਂ ਵਿਚ ਭਾਰੀ ਗੁੱਸਾ ਹੈ। ਇਸ ਦੇ ਵਿਰੋਧ ਵਿੱਚ ਪਿੰਡ ਗੜ੍ਹੀ ਰੋਦਨ ਦੇ ਵਰਕਰਾਂ ਨੇ ਅਭੈ ਚੌਟਾਲਾ ਦਾ ਪੁਤਲਾ ਸਾੜ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਪਿੰਡ ਲੋਹਾਰਾ ਮਾਜਰਾ ਦੇ ਬੱਸ ਅੱਡੇ ’ਤੇ ਇਕੱਠੇ ਹੋਏ ਭਾਜਪਾ ਵਰਕਰਾਂ ਨੇ ਇਨੈਲੋ ਆਗੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਜਪਾ ਮੰਡਲ ਦੇ ਜਨਰਲ ਸਕੱਤਰ ਸਤਪਾਲ ਗੜ੍ਹੀ ਰੋਦਨ ਨੇ ਕਿਹਾ ਕਿ ਖੇਡ ਮੰਤਰੀ ਸੰਦੀਪ ਸਿੰਘ ਵਿਧਾਇਕ ਬਣਨ ਤੋਂ ਬਾਅਦ ਦਿਨ ਰਾਤ ਲੋਕ ਸੇਵਾ ਵਿਚ ਲੱਗੇ ਹੋਏ ਹਨ। ਜਦੋਂ ਵੀ ਜਨਤਾ ਨੂੰ ਕੋਈ ਮੁਸ਼ਕਲ ਆਉਂਦੀ ਹੈ, ਖੇਡ ਮੰਤਰੀ ਤੁਰੰਤ ਇਸ ਦੇ ਹੱਲ ਲਈ ਪਹੁੰਚ ਜਾਂਦਾ ਹੈ। ਖੇਡ ਮੰਤਰੀ ਦੀ ਪ੍ਰਸਿੱਧੀ ਵੱਧ ਰਹੀ ਹੈ। ਇਹ ਪ੍ਰਸਿੱਧੀ ਵਿਰੋਧੀ ਧਿਰ ਨੂੰ ਹਿਲਾਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਦੂਜਿਆਂ ’ਤੇ ਦੋਸ਼ ਲਗਾਉਣ ਤੋਂ ਪਹਿਲਾਂ ਅਭੈ ਚੌਟਾਲਾ ਨੂੰ ਆਪਣੇ ਵੱਲ ਵੇਖਣਾ ਚਾਹੀਦਾ ਹੈ ਕਿ ਕੌਣ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਜੇਲ੍ਹ ਕੱਟ ਰਿਹਾ ਹੈ। ਧਿਆਨ ਯੋਗ ਹੈ ਕਿ ਕਈ ਦਿਨ ਪਹਿਲਾਂ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਅਭੈ ਚੌਟਾਲਾ ਨੇ ਭਾਜਪਾ ਨੇਤਾਵਾਂ ਨੂੰ ਲੁਟੇਰੇ ਅਤੇ ਭ੍ਰਿਸ਼ਟ ਦੱਸਿਆ ਸੀ ਜਿਸ ਤੋਂ ਬਾਅਦ ਪੂਰਾ ਮਾਮਲਾ ਭੱਖ ਗਿਆ ਹੈ। ਇਸ ਮੌਕੇ ਹਰੀ ਰਾਮ, ਰਮੇਸ਼ ਕੁਮਾਰ, ਓਮਪ੍ਰਕਾਸ਼ ਸ਼ਰਮਾ, ਹਰਿਕ੍ਰਿਸ਼ਨ, ਨਰੇਸ਼ ਅਤੇ ਨੱਥੂ ਰਾਮ ਹਾਜ਼ਰ ਸਨ।