ਜਸਵੰਤ ਸਿੰਘ ਥਿੰਦ
ਮਮਦੋਟ, 22 ਜੂਨ
ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਮਿੱਡਾ ਹਾਜੀ ਵਿੱਚ ਪ੍ਰਾਈਵੇਟ ਕੰਪਨੀ ਵੱਲੋਂ ਚਲਾਈ ਜਾ ਰਹੀ ਖੱਡ ਤੋਂ ਨਾਜਾਇਜ਼ ਢੰਗ ਨਾਲ ਰੇਤੇ ਦੀ ਕੀਤੀ ਜਾ ਰਹੀ ਨਿਕਾਸੀ ਕਾਰਨ ਸਰਕਾਰ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ ਪਰ ਵਿਭਾਗੀ ਅਧਿਕਾਰੀਆਂ ਵੱਲੋਂ ਉਕਤ ਖੱਡ ਚਲਾਉਣ ਵਾਲੇ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਵਿਭਾਗੀ ਨਿਯਮਾਂ ਮੁਤਾਬਕ ਰੇਤਾ ਦਸ ਫੁੱਟ ਦੀ ਡੂੰਘਾਈ ਤੱਕ ਕੱਢਿਆ ਜਾ ਸਕਦਾ ਹੈ ਲੇਕਿਨ ਉਕਤ ਖੱਡ ਤੋਂ ਰੇਤ ਮਾਫੀਆ ਵੱਲੋਂ ਵਿਭਾਗੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਤੀਹ ਤੋਂ ਚਾਲੀ ਫੁੱਟ ਦੀ ਡੂੰਘਾਈ ਤੱਕ ਰੇਤਾ ਦੀ ਨਿਕਾਸੀ ਕੀਤੀ ਜਾ ਰਹੀ ਹੈ। ਇਸ ਨਾਲ ਸਰਕਾਰ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਮਾਈਨਿੰਗ ਵਿਭਾਗ ਅਤੇ ਪੁਲੀਸ ਵਿਭਾਗ ਵੱਲੋਂ ਸਥਾਪਿਤ ਮਾਈਨਿੰਗ ਸਟਾਫ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰੇਤੇ ਦੀ ਨਿਕਾਸੀ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਗਈ। ਜਦੋਂ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਐਕਸੀਅਨ ਯਾਦਵਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਪੱਖ ਜਾਨਣ ਲਈ ਫਿਰ ਪੁਲੀਸ ਵਿਭਾਗ ਵੱਲੋਂ ਸਥਾਪਿਤ ਮਾਈਨਿੰਗ ਟੀਮ ਦੇ ਇੰਚਾਰਜ ਕੁੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਖੱਡ ਕਾਫੀ ਡੂੰਘੀ ਸੀ। ਇਨ੍ਹਾਂ ਲੋਕਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਇਸ ਸਬੰਧੀ ਮਾਈਨਿੰਗ ਵਿਭਾਗ ਦੇ ਜੇਈ ਨੇ ਕਿਹਾ ਕਿ ਪੰਦਰਾਂ ਫੁੱਟ ਦੀ ਡੂੰਘਾਈ ਤੱਕ ਮਾਈਨਿੰਗ ਕੀਤੀ ਜਾ ਰਹੀ ਸੀ।