ਨਵੀਂ ਦਿੱਲੀ, 22 ਜੂਨ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਰਾਜੀਵ ਗਾਂਧੀ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਮੁਜਰਮ ਏ.ਜੀ.ਪੇਰਾਰੀਵੇਲਨ ਵੱਲੋਂ ਪੈਰੋਲ ਲਈ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਤਿੰਨ ਹਫ਼ਤਿਆਂ ਬਾਅਦ ਕਰੇਗੀ।
ਜਸਟਿਸ ਵਿਨੀਤ ਸਰਨ ਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦੇ ਵੈਕੇਸ਼ਨ ਬੈਂਚ ਨੇ ਇਸ ਤੱਥ ਦਾ ਵੀ ਨੋਟਿਸ ਲਿਆ ਕਿ ਪੇਰਾਰੀਵੇਲਨ ਦੇ ਵਕੀਲ ਵੱਲੋਂ ਕੇਸ ਦੀ ਸੁਣਵਾਈ ਅੱਗੇ ਪਾਉਣ ਦੀ ਮੰਗ ਕਰਦਾ ਇਕ ਪੱਤਰ ਸਰਕੁਲੇਟ ਕੀਤਾ ਗਿਆ ਸੀ। ਬੈਂਚ ਨੇ ਆਪਣੇ ਹੁਕਮਾਂ ਵਿੱਚ ਕਿਹਾ, ‘‘ਸੁਣਵਾਈ ਨੂੰ ਮੁਲਤਵੀ ਕਰਨ ਲਈ ਪੱਤਰ ਆਇਆ ਹੈ।
ਪਟੀਸ਼ਨ ਨੂੰ ਸੁਣਵਾਈ ਲਈ ਤਿੰਨ ਹਫ਼ਤਿਆਂ ਮਗਰੋਂ ਢੁੱਕਵੇਂ ਬੈਂਚ ਕੋਲ ਸੂਚੀਬੰਦ ਕੀਤਾ ਜਾਵੇ।’’ ਸਿਖਰਲੀ ਅਦਾਲਤ ਨੇ ਪਿਛਲੇ ਸਾਲ 23 ਨਵੰਬਰ ਨੂੰ ਪੇਰਾਰੀਵੇਲਨ ਵੱਲੋਂ ਮੈਡੀਕਲ ਚੈਕਅੱਪ ਲਈ ਮੰਗੀ ਪੈਰੋਲ ਨੂੰ ਇਕ ਹਫ਼ਤੇ ਲਈ ਵਧਾ ਦਿੱਤਾ ਸੀ ਤੇ ਤਾਮਿਲ ਨਾਡੂ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਹਸਪਤਾਲ ਵਿੱਚ ਡਾਕਟਰੀ ਚੈਕਅੱਪ ਮੌਕੇ ਉਸ ਨੂੰ ਲੋੜੀਂਦੀ ਪੁਲੀਸ ਸੁਰੱਖਿਆ ਮੁਹੱਈਆ ਕੀਤੀ ਜਾਵੇ। -ਪੀਟੀਆਈ