ਨਿਜੀ ਪੱਤਰ ਪ੍ਰੇਰਕ
ਜਲੰਧਰ, 23 ਜੂਨ
ਕਰੋਨਾ ਦਾ ਪ੍ਰਭਾਵ ਭਾਵੇਂ ਘੱਟ ਰਿਹਾ ਹੈ ਪਰ ਅੱਜ ਦੀਆਂ ਰਿਪੋਰਟਾਂ ਚਿੰਤਾਜਨਕ ਹਨ ਕਿਉਂਕਿ ਵੱਖ-ਵੱਖ ਹਸਪਤਾਲਾਂ ਵਿੱਚ ਕਰੋਨਾ ਤੋਂ ਪੀੜਤ 7 ਮਰੀਜ਼ਾਂ ਦੀ ਮੌਤ ਹੋ ਗਈ ਹੈ। ਪਿਛਲੇ ਕਈ ਦਿਨਾਂ ਤੋਂ ਜਿੱਥੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਘੱਟ ਰਹੀ ਸੀ ਉਥੇ ਮੌਤਾਂ ਦੀ ਦਰ ਵਿੱਚ ਵੀ ਕਮੀ ਆ ਰਹੀ ਸੀ।
ਤਾਜ਼ਾ ਰਿਪੋਰਟਾਂ ਅਨੁਸਾਰ 51 ਨਵੇਂ ਪਾਜ਼ੇਟਿਵ ਕੇਸ ਆਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ 62566 ਮਰੀਜ਼ ਕਰੋਨਾ ਤੋਂ ਪੀੜਤ ਹੋ ਚੁੱਕੇ ਹਨ ਤੇ ਮੌਤਾਂ ਦੀ ਗਿਣਤੀ 1470 ਤੱਕ ਜਾ ਪੁੱਜੀ ਹੈ। ਜਲੰਧਰ ਵਿੱਚ ਐਕਟਿਵ ਕੇਸ ਦਾ ਅੰਕੜਾ ਘੱਟ ਕੇ 477 ਤੱਕ ਆ ਗਿਆ ਹੈ। ਸਿਵਲ ਹਸਪਤਾਲ ਵਿੱਚ ਸਿਰਫ 13 ਮਰੀਜ਼ ਹੀ ਦਾਖ਼ਲ ਹਨ ਜਿਹੜੇ ਕਰੋਨਾ ਤੋਂ ਪੀੜਤ ਹਨ ਜਦ ਕਿ 337 ਮਰੀਜ਼ਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਰਹਿਣ ਲਈ ਕਿਹਾ ਗਿਆ ਹੈ। ਸ਼ਹਿਰ ਦੇ ਨਿੱਜੀ ਹਸਪਤਾਲਾਂ ਵਿੱਚ ਵੀ ਕਰੋਨਾ ਮਰੀਜ਼ਾਂ ਦੀ ਗਿਣਤੀ ਨਾ ਮਾਤਰ ਹੀ ਰਹਿ ਗਈ ਹੈ। ਸਿਹਤ ਵਿਭਾਗ ਤੇ ਜਿਲ੍ਹਾ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ ਕਿ ਜਲੰਧਰ ਵਿੱਚ ਅਜਿਹੀ ਸਥਿਤੀ ਪੈਦਾ ਨਹੀਂ ਹੋਈ ਕਿ ਲੋਕਾਂ ਨੂੰ ਹਸਪਤਾਲਾਂ ਵਿੱਚ ਬੈਡ ਹੀ ਨਾ ਮਿਲੇ ਹੋਣ ਜਾਂ ਆਕਸੀਜਨ ਦੀ ਕਮੀ ਆਈ ਹੋਵੇ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਆਕਸੀਜਨ ਦੇ ਸਮੁੱਚੇ ਪ੍ਰਬੰਧਾਂ ਦਾ ਕੰਮ ਸਿੱਧੇ ਤੌਰ `ਤੇ ਆਪਣੇ ਹੱਥਾਂ ਵਿੱਚ ਲਿਆ ਹੋਇਆ ਸੀ ਤੇ ਉਨ੍ਹਾਂ ਵੱਲੋਂ ਦਿੱਤੀਆਂ ਹਦਾਇਤਾਂ ਅਤੇ ਵਿਉਂਤਬੰਦੀਆਂ ਅਨੁਸਾਰ ਹੀ ਕੰਮ ਹੋਇਆ ਜਿਸ ਨਾਲ ਜਿਲ੍ਹੇ ਦੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਨਹੀਂ ਝੱਲਣੀ ਪਈ ਸਗੋਂ ਬਾਹਰਲੇ ਸੂਬਿਆਂ ਤੋਂ ਮਰੀਜ਼ ਇੱਥੇ ਆ ਕੇ ਇਲਾਜ ਕਰਵਾਉਂਦੇ ਰਹੇ ਸਨ। ਇਸੇ ਨੂੰ ਜਿਲ੍ਹਾ ਪ੍ਰਸ਼ਾਸਨ ਦੀ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ ਹੈ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾ ਦੇ ਕਾਰਨ ਅਜ ਇਥੇ ਇਕ ਕਰੋਨਾ ਮਰੀਜ ਔਰਤ ਦੀ ਮੌਤ ਹੋ ਗਈ ਹੈ ਅਤੇ ਇਸ ਦੌਰਾਨ 24 ਹੋਰ ਨਵੇਂ ਕਰੋਨਾ ਪਾਜੇਟਿਵ ਕੇਸ ਆਏ ਹਨ । ਸਿਹਤ ਵਿਭਾਗ ਤੋ ਮਿਲੀ ਜਾਣਕਾਰੀ ਮੁਤਾਬਿਕ ਕਰੋਨਾ ਕਾਰਨ ਹੁਣ ਤਕ ਜਿਲੇ ਵਿਚ 1557 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਵੇਲੇ 642 ਕਰੋਨਾ ਦੇ ਐਕਟਿਵ ਮਰੀਜ ਹਨ , ਜੋ ਕਿ ਜੇਰੇ ਇਲਾਜ ਹਨ। ਇਸ ਦੌਰਾਨ ਅਜ 130 ਕਰੋਨਾ ਮਰੀਜ ਸੇਹਤਯਾਬ ਹੋਏ ਹਨ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਅੱਜ ਜ਼ਿਲ੍ਹੇ ’ਚ ਕੋਵਿਡ ਦੇ 14 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਜਦੋਂਕਿ ਇਕ ਮਰੀਜ਼ ਦੀ ਮੌਤ ਹੋ ਗਈ। ਸਿਵਲ ਸਰਜਨ ਦਫ਼ਤਰ ਤੋਂ ਜਾਰੀ ਸੂਚਨਾ ਮੁਤਾਬਿਕ ਜ਼ਿਲ੍ਹੇ ’ਚ ਹੁਣ ਤੱਕ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 30312 ਅਤੇ ਮੌਤਾਂ ਦੀ ਗਿਣਤੀ 962 ਹੋ ਚੁੱਕੀ ਹੈ। ਸੂਚਨਾ ਮੁਤਾਬਿਕ 296 ਕੇਸ ਐਕਟਿਵ ਹਨ ਅਤੇ 29054 ਮਰੀਜ਼ ਤੰਦਰੁਸਤ ਹੋ ਚੁੱਕੇ ਹਨ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਪਿੰਡ ਪਸਨਾਵਾਲ ਵਾਸੀ 65 ਸਾਲਾ ਔਰਤ ਦੀ ਕਰੋਨਾ ਕਾਰਨ ਆਰਮੀ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਮੌਤ ਹੋਈ। ਇਹ ਜਾਣਕਾਰੀ ਮ੍ਰਿਤਕਾ ਸਲਵਿੰਦਰ ਕੌਰ ਦੇ ਲੜਕੇ ਹੌਲਦਾਰ ਬਿਕਰਮਜੀਤ ਸਿੰਘ ਨੇ ਦਿੱਤੀ।ਮ੍ਰਿਤਕ ਦਾ ਕਰੋਨਾ ਨਿਯਮਾਂ ਅਨੁਸਾਰ ਸਸਕਾਰ ਕਰ ਦਿੱਤਾ ਗਿਆ ਹੈ।