ਗੁਰਬਖਸ਼ਪੁਰੀ
ਤਰਨ ਤਾਰਨ, 23 ਜੂਨ
ਅਪਰ ਬਾਰੀ ਦੋਆਬ ਕੈਨਲ (ਯੂਬੀਡੀਸੀ) ਵਿੱਚ ਬੀਤੇ ਤਿੰਨ ਦਿਨਾਂ ਤੋਂ ਅਚਾਨਕ ਪਾਣੀ ਬੰਦ ਹੋਣ ਕਾਰਨ ਜ਼ਿਲ੍ਹੇ ਦੇ ਕਰੀਬ 60 ਪਿੰਡਾਂ ਦੇ ਕਿਸਾਨਾਂ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਿੰਜਾਈ ਵਿਭਾਗ ਨੇ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਇਲਾਕੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਪਲਾਈ 10 ਜੂਨ ਤੋਂ ਹੀ ਸ਼ੁਰੂ ਕਰ ਦਿੱਤੀ ਸੀ, ਪਰ ਕਰੀਬ ਦੋ ਹਫਤਿਆਂ ਦੌਰਾਨ ਚਾਰ ਵਾਰ ਇਕ ਜਾਂ ਫਿਰ ਦੂਸਰੇ ਕਾਰਨ ਕਰਕੇ ਨਹਿਰੀ ਪਾਣੀ ਬੰਦ ਕੀਤਾ ਜਾ ਚੁੱਕਾ ਹੈ| ਇਲਾਕੇ ਦੇ ਪਿੰਡ ਸ਼ਹਾਬਪੁਰ ਦੇ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਨਹਿਰ ਵਿੱਚ ਪਹਿਲਾਂ ਹੀ ਪੂਰਾ ਪਾਣੀ ਨਹੀਂ ਸੀ ਆ ਰਿਹਾ ਜਿਸ ਕਰਕੇ ਉਨ੍ਹਾਂ ਦੇ ਪਿੰਡ ਤੋਂ ਇਲਾਵਾ ਜੰਡੋਕੇ ਸਰਹਾਲੀ, ਜੌੜਾ, ਉਬੋਕੇ, ਕੱਚਾ ਪੱਕਾ ਆਦਿ ਦੇ ਵਧੇਰੇ ਕਿਸਾਨ ਨਹਿਰੀ ਪਾਣੀ ਤੋਂ ਵਾਂਝੇ ਸਨ। ਉਨ੍ਹਾਂ ਦੱਸਿਆ ਕਿ ਸਰਹੱਦੀ ਖੇਤਰ ਦੇ ਅਨੇਕਾਂ ਪਿੰਡਾਂ ਤੱਕ ਸਾਲਾਂ ਤੋਂ ਹੀ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ।
ਇਕ ਹਫ਼ਤਾ ਪਾਣੀ ਆਉਣ ਦੀ ਸੰਭਾਵਨਾ ਨਹੀਂ: ਜੇਈ
ਨਹਿਰੀ ਵਿਭਾਗ ਦੇ ਜੇ. ਈ. ਰੋਹਿਤ ਕੁਮਾਰ ਨੇ ਦੱਸਿਆ ਕਿ ਮਾਧੋਪੁਰ (ਗੁਰਦਾਸਪੁਰ) ਨੇੜੇ ਇਕ ਪੁਲ ਡਿੱਗਣ ਕਾਰਨ ਵਿਭਾਗ ਨੇ ਨਹਿਰ ਦਾ ਪਾਣੀ ਬੰਦ ਕਰ ਦਿੱਤਾ ਹੈ ਜਿਸ ਕਾਰਨ ਨਹਿਰ ਵਿੱਚ ਅਜੇ ਇਕ ਹੋਰ ਹਫ਼ਤਾ ਪਾਣੀ ਆਉਣ ਦੀ ਸੰਭਾਵਨਾ ਨਹੀਂ ਹੈ|