ਪੱਤਰ ਪ੍ਰੇਰਕ
ਤਲਵਾੜਾ, 23 ਜੂਨ
ਪੰਚਾਇਤੀ ਰਾਜ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬੈਨਰ ਹੇਠਾਂ ਸਥਾਨਕ ਬੀਡੀਪੀਓ ਦਫ਼ਤਰ ਮੂਹਰੇ ਪੰਚਾਇਤ ਵਿਭਾਗ ਦੇ ਪੈਨਸ਼ਨਰਾਂ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਦੇ ਵਿਰੋਧ ਵਿੱਚ ਰੋਸ ਧਰਨਾ ਦਿੱਤਾ। ਰੋਸ ਧਰਨੇ ਦੀ ਅਗਵਾਈ ਪ੍ਰਧਾਨ ਸੁਰਿੰਦਰ ਕੁਮਾਰ ਨੇ ਕੀਤੀ। ਧਰਨੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਦੇ ਪੈਨਸ਼ਨਰ ਸ਼ਾਮਲ ਹੋਏ। ਮੁਜ਼ਾਹਰਾਕਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕੀਤੀ। ਇਸ ਦੌਰਾਨ ਬੁਲਾਰਿਆਂ ਨੇ ਬਕਾਏ ਜਾਰੀ ਕਰਨ ‘ਚ ਟਾਲ ਮਟੋਲ, ਪੰਚਾਇਤ ਅਫ਼ਸਰ ਸੂਰਮ ਸਿੰਘ ਮੁਕੇਰੀਆਂ ਦੀ 2013 ਤੋਂ ਪੈਨਸ਼ਨ ਮਨਜ਼ੂਰ ਨਾ ਕਰਨ, ਮਹਿਕਮੇ ‘ਚ ਫ਼ੈਲੇ ਕਥਿਤ ਭ੍ਰਿਸ਼ਟਾਚਾਰ ਆਦਿ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਸੂਬਾ ਜਨ ਸਕੱਤਰ ਰਜਿੰਦਰ ਸਿੰਘ ਨੇ ਸਰਕਾਰ ਵੱਲੋਂ ਪੇਸ਼ ਕੀਤੀ 6ਵੇਂ ਤਨਖ਼ਾਹ ਕਮਿਸ਼ਨ ਦੀ ਲੰਗੜੀ ਰਿਪੋਰਟ ਦੀ ਨਿੰਦਾ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਬੀਡੀਪੀਓ ਤਲਵਾੜਾ ਯੁਧਵੀਰ ਸਿੰਘ ਨੂੰ ਵੀ ਦਿੱਤਾ।