ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਜੂਨ
ਪੰਜਾਬ ਭਰ ਦੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪਰਿਸ਼ਦਾਂ ਦੇ ਦਰਜਾ ਚਾਰ ਮੁਲਾਜ਼ਮਾਂ, ਸਫ਼ਾਈ ਸੇਵਕਾਂ, ਸੀਵਰਮੈਨਾਂ ਅਤੇ ਹੋਰ ਵੱਖ ਵੱਖ ਵਰਗਾਂ ਦੇ ਹਜ਼ਾਰਾਂ ਮੁਲਾਜ਼ਮਾਂ ਨੇ ਅੱਜ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਵਿਸ਼ਾਲ ਰੋਸ ਰੈਲੀ ਕੀਤੀ। ਮੁਲਾਜ਼ਮਾਂ ਦਾ ਇਹ ਵਿਸ਼ਾਲ ਇਕੱਠ ਭਾਵੇਂ ਇਥੇ ਬੱਸ ਅੱਡੇ ਨੇੜੇ ਸਥਿਤ ਉੱਚੇ ਪੁਲ ਦੀ ਛਾਂ ਹੇਠ ਜੁੜਿਆ ਸੀ ਪਰ ਮੁਲਾਜ਼ਮ ਆਗੂਆਂ ਦੀਆਂ ਤਿੱਖੀਆਂ ਤਕਰੀਰਾਂ ਦੌਰਾਨ ਲੱਗਦੇ ਰਹੇ ਜੋਸ਼ੀਲੇ ਨਾਅਰਿਆਂ ਨਾਲ ਸਰਕਾਰ ਖ਼ਿਲਾਫ਼ ਮਾਹੌਲ ਪੂਰਾ ਭਖਿਆ ਰਿਹਾ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਪੈਂਤੀ ਹਜ਼ਾਰ ਵਿਚੋਂ ਸਿਰਫ਼ ਚਾਰ ਹਜ਼ਾਰ ਸਫ਼ਾਈ ਸੇਵਕਾਂ ਨੂੰ ਹੀ ਰੈਗੂਲਰ ਕਰਨ ਦੀ ਹਾਮੀ ਭਰੀ ਹੈ, ਪੇਅ ਕਮਿਸ਼ਨ ਦੀ ਰਿਪੋਰਟ ਧੋਖਾ ਹੈ, ਠੇਕੇਦਾਰੀ ਪ੍ਰਥਾ ਲੁੱਟ ਦਾ ਜਰੀਆ ਹੈ, ਵਿਭਾਗਾਂ ਦੇ ਪੁਨਰਗਠਨ ਤਹਿਤ ਹਜ਼ਾਰਾਂ ਅਸਾਮੀਆਂ ਖਤਮ ਕਰ ਦਿੱਤੀਆਂ ਤੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਰੋਨਾ ਕਾਰਨ ਮੌਤ ਦੀ ਸੂਰਤ ’ਚ ਪੰਜਾਹ ਲੱਖ ਐਕਸਗ੍ਰੇਸ਼ੀਆ ਗ੍ਰਾਂਟ ਸਮੇਤ ਕਈ ਹੋਰ ਮੰਗਾਂ ਦੀ ਪੂਰਤੀ ’ਤੇ ਵੀ ਜ਼ੋਰ ਦਿੱਤਾ।
ਰੈਲੀ ਮਗਰੋਂ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਸਾਥੀ ਚੰਦਨ ਗਰੇਵਾਲ ਤੇ ਹੋਰਾਂ ਦੀ ਅਗਵਾਈ ਹੇਠ ਤਪਦੀ ਦੁਪਹਿਰ ਗਰਮੀ ਦੀ ਪ੍ਰਵਾਹ ਕੀਤੇ ਬਗ਼ੈਰ ਮੁਲਾਜ਼ਮਾਂ ਨੇ ਇੱਥੋਂ ਮੁੱਖ ਮੰਤਰੀ ਨਿਵਾਸ ਵੱਲ ਕੂਚ ਕਰ ਗਿਆ। ਪੁਲੀਸ ਨੇ ਮੁਲਾਜ਼ਮਾਂ ਦੇ ਇਸ ਕਾਫ਼ਲੇ ਨੂੰ ਸਵਾ ਕੁ ਕਿਲੋਮੀਟਰ ਚੱਲਣ ਮਗਰੋਂ ਹੀ ਮੁੱਖ ਮੰਤਰੀ ਨਿਵਾਸ ਤੋਂ ਦੋ ਕਿਲੋਮੀਟਰ ਅਗਾਊਂ ਫੁਹਾਰਾ ਚੌਕ ’ਤੇ ਹੀ ਰੋਕ ਲਿਆ। ਰੋਹ ਵਿੱਚ ਆਏ ਮੁਲਾਜ਼ਮ ਇਥੇ ਹੀ ਤਪਦੀ ਸੜਕ ’ਤੇ ਹੀ ਧਰਨਾ ਮਾਰ ਬੈਠ ਗਏ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਐੱਸਡੀਐੱਮ ਚਰਨਜੀਤ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ ਮੁਲਾਜ਼ਮਾਂ ਨੇ 15 ਦਿਨਾਂ ’ਚ ਮਸਲਾ ਹੱਲ ਨਾ ਹੋਣ ’ਤੇ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ।
ਰੈਲੀ ਨੂੰ ਰਣਜੀਤ ਰਾਣਵਾਂ, ਬਿੰਨੀ ਸਹੋਤਾ, ਜਗਮੋਹਨ ਨੌਲੱਖਾ, ਸਵਰਨ ਬੰਗਾ, ਰਾਮ ਕਿਸ਼ਨ, ਦੁਲੀਆ ਰਾਮ, ਦੀਪ ਚੰਦ ਹੰਸ, ਵਰਿੰਦਰ ਬੈਣੀ, ਗਗਨਦੀਪ ਕੌਰ, ਹਰਬੰਸ ਟੌਹੜਾ, ਕੁਲਵਿੰਦਰ ਸਿੰਘ ਤੇ ਦਰਸ਼ੀਕਾਂਤ ਨੇ ਸੰਬੋਧਨ ਕੀਤਾ।