ਐਨ.ਪੀ. ਧਵਨ
ਪਠਾਨਕੋਟ, 23 ਜੂਨ
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੇ ਜਾ ਰਹੇ ਗੱਲਬਾਤ ਦੇ ਸੱਦੇ ਦਾ ਸਵਾਗਤ ਕਰਦਿਆਂ ਆਖਿਆ ਕਿ ਇਹ ਗੱਲਬਾਤ ਕਿਸਾਨਾਂ ਦੀ ਜ਼ਿੱਦ ਦੇ ਹਿਸਾਬ ਨਾਲ ਨਹੀਂ ਬਲਕਿ ਕਿਸਾਨ ਹਿੱਤਾਂ ਨੂੰ ਮੁੱਖ ਰੱਖ ਕੇ ਸ਼ੁਰੂ ਹੋਣੀ ਚਾਹੀਦੀ ਹੈ। ਉਹ ਅੱਜ ਮਾਧੋਪੁਰ ਵਿਖੇ ਜਨਸੰਘ ਦੇ ਬਾਨੀ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ 68ਵੇਂ ਬਲੀਦਾਨ ਦਿਵਸ ਮੌਕੇ ਸ਼ਰਧਾਂਜਲੀ ਦੇਣ ਲਈ ਪੁੱਜੇ ਹੋਏ ਸਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਭਾਜਪਾ ਸਦਕਾ ਹੀ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ 11 ਵਾਰ ਗੱਲਬਾਤ ਲਈ ਬੁਲਾਇਆ। ਉਨ੍ਹਾਂ ਆਖਿਆ ਕਿ ਜਦੋਂ ਕੇਂਦਰ ਸਰਕਾਰ ਨੇ ਡੇਢ ਸਾਲ ਲਈ ਖੇਤੀ ਕਾਨੂੰਨ ਮੁਲਤਵੀ ਕਰਨ ਦੀ ਪੇਸ਼ਕਸ਼ ਕੀਤੀ ਸੀ ਤਾਂ ਉਦੋਂ ਕਿਸਾਨਾਂ ਨੂੰ ਅੰਦੋਲਨ ਸਮਾਪਤ ਕਰ ਦੇਣਾ ਚਾਹੀਦਾ ਸੀ। ਅੱਜ ਵੀ ਕੇਂਦਰ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਹਿੱਤ ਵਿੱਚ ਗੱਲਬਾਤ ਕਰਨ ਲਈ ਕੇਂਦਰ ਤਿਆਰ ਹੈ। ਇਸ ਤੋਂ ਖੁੱਲ੍ਹਾ ਸੱਦਾ ਹੋਰ ਕੀ ਹੋ ਸਕਦਾ ਹੈ? ਮਾਸਟਰ ਮੋਹਨ ਲਾਲ ਅਤੇ ਅਨਿਲ ਜੋਸ਼ੀ ਵੱਲੋਂ ਕਿਸਾਨਾਂ ਦੇ ਹੱਕ ਵਿਚ ਕੀਤੀ ਗਈ ਬਿਆਨਬਾਜ਼ੀ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਭਾਜਪਾ ਅੰਦਰ ਕਿਸੇ ਕਿਸਮ ਦਾ ਕੋਈ ਕਲੇਸ਼ ਨਹੀਂ ਹੈ। ਕਾਂਗਰਸ ਦੀ ਖਾਨਾਜੰਗੀ ਬਾਰੇ ਉਨ੍ਹਾਂ ਕਿਹਾ ਕਿ ਸਾਢੇ 4 ਸਾਲ ਵਿੱਚ ਕੈਪਟਨ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਵਿੱਚ ਧਾਰਾ 370 ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਇਸ ਮੌਕੇ ਭਾਜਪਾ ਦੇ ਕੌਮੀ ਸੱਕਤਰ ਤੇ ਪ੍ਰਦੇਸ਼ ਭਾਜਪਾ ਸਹਿ ਇੰਚਾਰਜ ਡਾ. ਨਰੇਂਦਰ ਸਿੰਘ, ਮਨੋਰੰਜਨ ਕਾਲੀਆ, ਮਾਸਟਰ ਮੋਹਨ ਲਾਲ ਅਤੇ ਹੋਰ ਆਗੂ ਹਾਜ਼ਰ ਸਨ।