ਪੱਤਰ ਪ੍ਰੇਰਕ
ਭੁਲੱਥ, 23 ਜੂਨ
ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਿਥੇ ਕਾਂਗਰਸੀ ਆਗੂ ਤੇ ਵਰਕਰ ਇਕੱਠੇ ਹੋ ਗਏ ਹਨ, ਉਥੇ ਬੀਬੀ ਜਗੀਰ ਕੌਰ ਦੇ ਸਮਰਥਕ ਟਕਸਾਲੀ ਅਕਾਲੀ, ਸਾਬਕਾ ਤੇ ਮੌਜੂਦਾ ਸਰਪੰਚਾਂ ਤੇ ਮੋਹਤਬਰ ਵਿਅਕਤੀਆਂ ਨੇ ਅਕਾਲੀ ਦਲ ਛੱਡ ਕਾਂਗਰਸ ਨਾਲ ਜੁੜ ਕੇ ਪਾਰਟੀ ਨੂੰ ਤਕੜਾ ਝਟਕਾ ਦਿੱਤਾ ਹੈ। ਕੋਆਪਰੇਟਿਵ ਸੁਸਾਇਟੀ ਭੁਲੱਥ ਦੇ ਸਾਬਕਾ ਪ੍ਰਧਾਨ ਤੇ ਟਕਸਾਲੀ ਅਕਾਲੀ ਅਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ, ਡੇਰਾ ਸੱਚਾ ਸੌਦਾ ਮੁਖੀ ਨੂੰ ਮੁਆਫੀ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਲਾਪਤਾ ਕਰਨ ਦੇ ਵਿਰੁੱਧ ਅਕਾਲੀ ਵਰਕਰਾਂ ਵਿੱਚ ਵੱਡੇ ਪੱਧਰ ’ਤੇ ਰੋਸ ਪਾਇਆ ਜਾ ਰਿਹਾ ਹੈ, ਜਿਸ ਲਈ ਅੱਜ ਪਿੰਡ ਬਜਾਜ ਦੇ ਸਾਬਕਾ ਸਰਪੰਚ ਤੇ ਯੂਥ ਅਕਾਲੀ ਦਲ ਦੇ ਆਗੂ ਬਲਵਿੰਦਰ ਕੁਮਾਰ, ਸਾਬਕਾ ਸਰਪੰਚ ਬਲਦੇਵ ਰਾਜ ਸਿੰਘ ਦੇ ਨਾਲ ਹੋਰ ਬਹੁਤ ਸਾਰੇ ਲੋਕਾਂ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਹੈ। ਇਸ ਮੌਕੇ ਬੁਲਾਰਿਆਂ ਨੇ ਭੁਲੱਥ ਦੇ ਸਰਕਾਰੀ ਕਾਲਜ ਵਿੱਚ ਕਾਮਰਸ ਤੇ ਸਾਇੰਸ ਦੀਆਂ ਕਲਾਸਾਂ ਖੋਲ੍ਹਣ, ਭੁਲੱਥ ਦੀਆਂ ਸੜਕਾਂ ਦੀ ਮੁਰੰਮਤ ਕਰਨ ਅਤੇ ਭਗਵਾਨਪੁਰ ਤੋਂ ਮੇਤਲਾ ਸੜਕ ਬਣਾਉਣ ਦੀ ਮੰਗ ਵੀ ਕੀਤੀ।