ਪਰਮਜੀਤ ਸਿੰਘ
ਫਾਜ਼ਿਲਕਾ, 23 ਜੂਨ
ਪੰਜਾਬ ਸਰਕਾਰ ਵੱਲੋਂ ਦਿੱਤੇ ਗਏ 6ਵੇਂ ਪੇਅ ਕਮਿਸ਼ਨ ਤੋਂ ਨਾਖੁਸ਼ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਦਫਤਰੀ ਕਰਮਚਾਰੀਆਂ ਨੇ ਅੱਜ ਪੀ.ਐੱਸ.ਐੱਮ.ਯੂ. ਦੀ ਸੂਬਾ ਬਾਡੀ ਦੇ ਸੱਦੇ ’ਤੇ ਆਪਣੇ ਦਫਤਰਾਂ ਦਾ ਕੰਮ ਕਾਜ ਠੱਪ ਰੱਖਿਆ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਪੀ.ਐੱਸ.ਐੱਮ.ਯੂ. ਦੇ ਜ਼ਿਲ੍ਹਾ ਪ੍ਰਧਾਨ ਫਕੀਰ ਚੰਦ ਤੇ ਅੰਕੁਰ ਸ਼ਰਮਾ ਨੇ ਦੱਸਿਆ ਕਿ ਅੱਜ ਦੀ ਕਲਮਛੋੜ ਹੜਤਾਲ ’ਚ ਡੀ.ਸੀ. ਦਫਤਰ, ਉਪ ਮੰਡਲ ਮੈਜਿਸਟਰੇਟ ਦਫਤਰ, ਤਹਿਸੀਲਦਾਰ ਦਫਤਰ, ਵਾਟਰ ਸਪਲਾਈ, ਨਹਿਰੀ ਵਿਭਾਗ, ਡੀ.ਪੀ.ਆਰ.ਓ. ਦਫਤਰ, ਕੋਪਰੇਟਿਵ ਸੁਸਾਇਟੀ, ਰੁਜ਼ਗਾਰ ਵਿਭਾਗ, ਸਿੱਖਿਆ ਵਿਭਾਗ, ਫੁੱਡ ਸਪਲਾਈ ਦੇ ਦਫਤਰੀ ਕਰਮਚਾਰੀਆਂ ਨੇ ਹਿੱਸਾ ਲਿਆ।
ਫ਼ਰੀਦਕੋਟ (ਜਸਵੰਤ ਜੱਸ): ਇੱਥੇ ਸਮੂਹ ਦਫ਼ਤਰੀ ਕਰਮਚਾਰੀਆਂ ਨੇ ਕਲਮ ਛੋੜ ਹੜਤਾਲ ਕਰਕੇ ਮਿਨੀ ਸਕੱਤਰੇਤ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋ ਕੇ ਰੋਸ ਰੈਲੀ ਕੀਤੀ। ਮੁਲਾਜ਼ਮਾਂ ਨੇ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਇਹ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤਾ ਗਿਆ ਵੱਡਾ ਧੋਖਾ ਹੈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਅਮਰੀਕ ਸਿੰਘ ਸੰਧੂ ਅਤੇ ਧਰਮਿੰਦਰ ਨੇ ਕਿਹਾ ਕਿ ਹੁਣ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਆਰ-ਪਾਰ ਦਾ ਸੰਘਰਸ਼ ਆਰੰਭ ਦਿੱਤਾ ਹੈ।
ਬਠਿੰਡਾ (ਮਨੋਜ ਸ਼ਰਮਾ): ਸਥਾਨਕ ਬੀਡੀਏ ਵਿਭਾਗ ਦੇ ਸਮੂਹ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ। ਜਾਣਕਾਰੀ ਮੁਤਾਬਿਕ ਤਨਖਾਹ ਕਮਿਸ਼ਨ ਦੀ ਜਾਰੀ ਕੀਤੀ ਗਈ ਰਿਪੋਰਟ ਦੇ ਵਿਰੋਧ ’ਚ ਬੀਡੀਏ ਦੇ ਮੁਲਾਜ਼ਮ ਸਵੇਰੇ 10 ਵਜੇਂ ਤੋਂ ਦੁਪਹਿਰ 1 ਵਜੇ ਤੱਕ ਕਲਮ ਛੋੜ ਹੜਤਾਲ ’ਤੇ ਰਹੇ। ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਬੀਡੀਏ ਦੇ ਸਹਾਇਕ ਸਕੱਤਰ ਰੌਬਿਨ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲੋਕ ਮਾਰੂ ਨੀਤੀਆਂ ਖ਼ਿਲਾਫ਼ ਮੁਲਾਜ਼ਮ ਜੱਥੇਬੰਦੀਆਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਜ਼ਰੂਰਤ ਹੈ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਤਹਿਸੀਲ ਗਿੱਦੜਬਾਹਾ ਦੇ ਸਮੂਹ ਮੈਂਬਰਾਂ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿਰੁੱਧ ਰੋਸ ਧਰਨਾ ਦਿੱਤਾ ਗਿਆ। ਯੂਨੀਅਨ ਦੇ ਤਰਸੇਮ ਸ਼ਰਮਾ ਨੇ ਦੱਸਿਆ ਕਿ ਪੇ ਯੂਨੀਅਨ ਦੀ ਸੂਬਾ ਬਾਡੀ ਵੱਲੋਂ ਦਿੱਤੇ ਸੱਦੇ ’ਤੇ 27 ਜੂਨ ਤੱਕ ਰੋਸ ਮੁਜ਼ਾਹਰੇ ਅਤੇ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ।
ਤਨਖਾਹ ਕਮਿਸ਼ਨ ਰਿਪੋਰਟ ਤੋਂ ਡਾਕਟਰ ਭੜਕੇ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪਿਛਲੇ ਹਫ਼ਤੇ ਪੰਜਾਬ ਸਰਕਾਰ ਵੱਲੋਂ ਐਲਾਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲੈ ਕੇ ਸਮੁੱਚੇ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਭੜਕ ਉੱਠੇ ਹਨ। ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ, ਰੂਲਰ ਮੈਡੀਕਲ ਐਸੋਸੀਏਸ਼ਨ, ਰੂਲਰ ਮੈਡੀਕਲ ਡਾਕਟਰ, ਆਯੂਰਵੈਦਿਕ, ਹੋਮਿਓਪੈਥੀ ਡਾਕਟਰ ਐਸੋਸੀਏਸ਼ਨ ਨੇ ਸੰਘਰਸ਼ ਦੀ ਤਿਆਰੀ ਵਜੋਂ ‘ਸੰਯੁਕਤ ਗੌਰਮਿੰਟ ਡਾਕਟਰ ਕੋਆਰਡੀਨੇਟਰ ਕਮੇਟੀ’ ਦਾ ਵੀ ਗਠਨ ਕਰ ਲਿਆ ਹੈ। ਕਮੇਟੀ ਵੱਲੋਂ ਸੰਘਰਸ਼ ਦੇ ਅਗਲੇ ਪੜਾਅ ਵਜੋਂ 25 ਜੂਨ ਨੂੰ ਸਿਹਤ ਅਤੇ ਵੈਟਰਨਰੀ ਵਿਭਾਗ ਦੇ ਹਸਪਤਾਲਾਂ ਦੀ ਓਪੀਡੀ ਬੰਦ ਕੀਤੀ ਜਾਵੇਗੀ। ਇਸੇ ਕੜੀ ਦੇ ਤਹਿਤ ਇਥੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਡਾਕਟਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਇੱਕ ਸਾਂਝਾ ਮੰਗ ਪੱਤਰ ਦੇ ਕੇ ਡਾਕਟਰਾਂ ਦਾ ਐਨਪੀਏ ਬਹਾਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ।
ਮਾਨਸਾ (ਜੋਗਿੰਦਰ ਸਿੰਘ ਮਾਨ): ਇਥੇ 6ਵੇਂ ਤਨਖਾਹ ਕਮਿਸ਼ਨ ਵਿੱਚ ਐਨ.ਪੀ.ਏ. ’ਚ ਕਟੌਤੀ ਦੇ ਵਿਰੋਧ ਵਜੋਂ ਸਮੂਹ ਮੈਡੀਕਲ, ਆਯੂਰਵੈਦਿਕ, ਡੈਂਟਲ ਅਤੇ ਵੈਟਰਨਰੀ ਡਾਕਟਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਮਾਰਚ ਕੀਤਾ ਗਿਆ। ਡਾਕਟਰਾਂ ਨੇਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਦਿਆਂ ਐਨ.ਪੀ.ਏ. ਦੀ ਪੁਰਾਣੇ ਪੈਟਰਨ ਦੀ ਬਹਾਲੀ ਦੀ ਮੰਗ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦਕ ਆਗੂ ਡਾ. ਰਣਜੀਤ ਰਾਏ ਨੇ ਸਰਕਾਰ ਤੋਂ ਐਨਪੀਏ ਦੀ ਤੁਰੰਤ ਬਹਾਲੀ ਦੀ ਮੰਗ ਕੀਤੀ। ਇਸ ਮੌਕੇ ਡਾ. ਬਲਦੇਵ ਰਾਜ, ਡਾ. ਕਮਲ ਗੁਪਤਾ, ਡਾ. ਰਵੀ ਕਾਂਤ, ਡਾ. ਗੁਰਿੰਦਰ ਮੋਹਨ, ਡਾ. ਵਿਕਾਸ ਬਾਂਸਲ, ਡਾ.ਜਸਕਰਨ ਸਿੰਘ, ਡਾ. ਇੰਦਰਜੀਤ ਤੇ ਡਾ.ਹਰਮਨ ਨੇ ਵੀ ਸੰਬੋਧਨ ਕੀਤਾ।