ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਜੂਨ
ਇੱਥੋਂ ਦੇ ਥਾਣਾ ਮਹਿਣਾ ਵਿੱਚ ਮਹੀਨਾ ਪਹਿਲਾਂ 22 ਮਈ ਨੂੰ ਫ਼ਿਰੌਤੀ ਲਈ ਹੱਤਿਆ ਮਾਮਲੇ ’ਚ ਕੈਨੇਡਾ ਬੈਠੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਕਾਰਕੁਨਾਂ ਨੂੰ ਨਾਮਜ਼ਦ ਕਰਨ ਸਮੇਤ ਸਥਾਨਕ ਕਾਰਕੁਨਾਂ ਨੂੰ ਫੰਡਿੰਗ ਦਾ ਮਾਮਲਾ ਹੁਣ ਕੌਮੀ ਜਾਂਚ ਏਜੰਸੀ (ਐੱਨਆਈਏ) ਕੋਲ ਚਲਾ ਗਿਆ ਹੈ। ਡੀਐੱਸਪੀ (ਡੀ) ਜੰਗਜੀਤ ਸਿੰਘ ਰੰਧਾਵਾ ਅਤੇ ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਕਿੱਕਰ ਸਿੰਘ ਨੇ ਮਾਮਲਾ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਤਬਦੀਲ ਹੋਣ ਅਤੇ ਸੁੱਖਾ ਲੰਮੇ ਹੱਤਿਆ ਕੇਸ ਵਿੱਚ ਮੁਲਜ਼ਮ ਚਰਨਜੀਤ ਸਿੰਘ ਨੂੰ ਕਾਬੂ ਕਰਨ ਦੀ ਪੁਸ਼ਟੀ ਕੀਤੀ ਹੈ।
ਪੁਲੀਸ ਮੁਤਾਬਕ ਮੁਹਾਲੀ ਸਥਿਤ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਦੀ ਮਨਜ਼ੂਰੀ ਨਾਲ ਮੋਗਾ ਪੁਲੀਸ ਨੇ ਇਸ ਕੇਸ ਦੀ ਜਾਂਚ ਐੱਨਆਈਏ ਨੂੰ ਸੌਂਪ ਦਿੱਤੀ ਹੈ। ਪੁਲੀਸ ਪਹਿਲਾਂ ਹੀ ਖੁਲਾਸਾ ਕਰ ਚੁੱਕੀ ਹੈ ਕੈਨੇਡਾ ਸਥਿਤ ਕੇਟੀਐੱਫ ਮੁਖੀ ਹਰਦੀਪ ਸਿੰਘ ਨਿੱਝਰ ਤੋਂ ਇਲਾਵਾ ਕੇਟੀਐੱਫ ਦੇ ਤਿੰਨ ਹੋਰ ਸਹਿ-ਸਾਜ਼ਿਸ਼ਕਰਤਾ ਅਰਸ਼ਦੀਪ, ਰਮਨਦੀਪ ਅਤੇ ਚਰਨਜੀਤ ਉਰਫ ਰਿੰਕੂ ਬੀਹਲਾ ਸਰੀ (ਬੀਸੀ) ਕੈਨੇਡਾ ਵਿੱਚ ਲੁਕੇ ਹੋਏ ਹਨ।
ਨਾਮਜ਼ਦ ਮੁਲਜ਼ਮ ਦਾ ਪੁਲੀਸ ਦੀ ਗੱਡੀ ਨਾਲ ਐਕਸੀਡੈਂਟ
ਇੱਥੇ ਥਾਣਾ ਬੱਧਨੀ ਕਲਾਂ ਵਿੱਚ 25 ਮਈ ਨੂੰ ਸੁੱਖਾ ਲੰਮੇ ਹੱਤਿਆ ਕੇਸ ਵਿੱਚ ਵਿਦੇਸ਼ ਬੈਠੇ ਇੱਕ ਕੇਟੀਐੱਫ ਨਾਲ ਕਥਿਤ ਸਬੰਧਤ ਦੱਸੇ ਜਾਂਦੇ ਮੁਲਜ਼ਮ ਦੇ ਪਿਤਾ ਚਰਨਜੀਤ ਸਿੰਘ ਪਿੰਡ ਡਾਲਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਮੁਤਾਬਕ ਮੁਲਜ਼ਮ ਆਪਣੀ ਪਛਾਣ(ਕਲੀਨ ਸ਼ੇਵ) ਬਦਲ ਕੇ ਥਾਣਾ ਅਜੀਤਵਾਲ ਖੇਤਰ ਵਿੱਚ ਮੋਟਰਸਾਈਕਲ ਉੱਤੇ ਘੁੰਮ ਰਿਹਾ ਸੀ। ਜਦੋਂ ਪੁਲੀਸ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਟਰਸਾਈਕਲ ਪੁਲੀਸ ਦੀ ਗੱਡੀ ਨਾਲ ਟਕਰਾ ਗਿਆ। ਸੱਟਾਂ ਲੱਗਣ ਕਾਰਨ ਮੁਲਜ਼ਮ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਪੁਲੀਸ ਪਹਿਰੇ ਹੇਠ ਉਸ ਦਾ ਇਲਾਜ ਹੋ ਰਿਹਾ ਹੈ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਡਾਕਟਰਾਂ ਵੱਲੋਂ ਫਿੱਟ ਕਰਾਰ ਦੇਣ ਮਗਰੋਂ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।