ਸੰਯੁਕਤ ਰਾਸ਼ਟਰ, 24 ਜੂਨ
ਵਿਸ਼ਵ ਸਿਹਤ ਸੰਸਥਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੌਜੂਦਾ ਰੁਝਾਨ ਜਾਰੀ ਰਹਿੰਦਾ ਹੈ ਤਾਂ ਕੋਵਿਡ-19 ਦੀ ਸਭ ਤੋਂ ਵੱਧ ਛੇਤੀ ਫੈਲਣ ਵਾਲੀ ਕਿਸਮ ਡੈਲਟਾ ਦੇ ਹੋਰ ਰੂਪਾਂ ਦੇ ਮੁਕਾਬਲੇ ਹਾਵੀ ਹੋਣ ਦੀ ਸੰਭਾਵਨਾ ਹੈ। ਵਿਸ਼ਵ ਸਿਹਤ ਸੰਸਥਾ ਦੀ ਇਹ ਚਿਤਾਵਨੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ 85 ਦੇਸ਼ਾਂ ’ਚ ਵਾਇਰਸ ਦੇ ਇਸ ਰੂਪ ਦੇ ਮਿਲਣ ਦੀ ਪੁਸ਼ਟੀ ਹੋਈ ਹੈ ਅਤੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਇਸ ਨਵੇਂ ਰੂਪ ਦੇ ਮਾਮਲੇ ਸਾਹਮਣੇ ਆਉਂਦੇ ਜਾ ਰਹੇ ਹਨ।
ਡਬਲਿਊਐੱਚਓ ਵੱਲੋਂ 22 ਜੂਨ ਨੂੰ ਜਾਰੀ ਕੋਵਿਡ-19 ਹਫ਼ਤਾਵਾਰੀ ਮਹਾਮਾਰੀ ਵਿਗਿਆਨ ਅਪਡੇਟ ਵਿਚ ਕਿਹਾ ਗਿਆ ਹੈ ਕਿ ਵਾਇਰਸ ਦਾ ਵਿਸ਼ਵ ਪੱਧਰੀ ਅਲਫਾ ਰੂਪ 170 ਦੇਸ਼ਾਂ, ਖੇਤਰਾਂ ਜਾਂ ਇਲਾਕਿਆਂ ਵਿਚ ਮਿਲਿਆ ਹੈ। ਬੀਟਾ ਰੂਪ 119 ਦੇਸ਼ਾਂ ’ਚ, ਗਾਮਾ ਰੂਪ 71 ਦੇਸ਼ਾਂ ਅਤੇ ਡੈਲਟਾ ਰੂਪ ਦਾ 85 ਦੇਸ਼ਾਂ ਵਿਚ ਹੋਣ ਦਾ ਪਤਾ ਲੱਗਿਆ ਹੈ। ਅਪਡੇਟ ਵਿਚ ਕਿਹਾ ਗਿਆ, ‘‘ਡੈਲਟਾ, ਦੁਨੀਆਂ ਭਰ ਦੇ 85 ਦੇਸ਼ਾਂ ਵਿਚ ਮਿਲਿਆ ਹੈ। ਡਬਲਿਊਐੱਚਓ ਅਧੀਨ ਸਾਰੇ ਖੇਤਰਾਂ ਦੇ ਹੋਰ ਦੇਸ਼ਾਂ ਵਿਚ ਵੀ ਇਸ ਦੇ ਮਾਮਲੇ ਸਾਹਮਣੇ ਆਉਣ ਦਾ ਰੁਝਾਨ ਜਾਰੀ ਹੈ, ਜਿਨ੍ਹਾਂ ਵਿਚੋਂ 11 ਖੇਤਰਾਂ ’ਚ ਇਹ ਪਿਛਲੇ ਦੋ ਹਫ਼ਤਿਆ ’ਚ ਸਾਹਮਣੇ ਆਏ।’’
ਡਬਲਿਊਐੱਚਓ ਨੇ ਕਿਹਾ ਕਿ ਚਾਰ ਮੌਜੂਦਾ ‘ਚਿੰਤਾ ਵਾਲੇ ਰੂਪਾਂ’- ਅਲਫਾ, ਬੀਟਾ, ਗਾਮਾ ਤੇ ਡੈਲਟਾ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਜੋ ਵੱਡੀ ਪੱਧਰ ’ਤੇ ਫੈਲੇ ਹੋਏ ਹਨ ਅਤੇ ਡਬਲਿਊਐੱਚਓ ਅਧੀਨ ਆਉਣ ਵਾਲੇ ਸਾਰੇ ਖੇਤਰਾਂ ਵਿਚ ਉਨ੍ਹਾਂ ਦਾ ਪਤਾ ਲੱਗਿਆ ਹੈ।
ਇਸ ਨੇ ਕਿਹਾ, ‘‘ਡੈਲਟਾ ਰੂਪ, ਅਲਫਾ ਨਾਲੋਂ ਕਿਤੇ ਵੱਧ ਛੇਤੀ ਫੈਲਣ ਵਾਲਾ ਹੈ ਅਤੇ ਜੇਕਰ ਮੌਜੂਦਾ ਰੁਝਾਨ ਜਾਰੀ ਰਹਿੰਦਾ ਹੈ ਤਾਂ ਇਸ ਦੇ ਵਧੇਰੇ ਹਾਵੀ ਹੋਣ ਦੀ ਸੰਭਾਵਨਾ ਹੈ।’’ ਅਪਡੇਟ ਵਿਚ ਦੱਸਿਆ ਗਿਆ ਕਿ ਪਿਛਲੇ ਹਫ਼ਤੇ (14 ਜੂਨ ਤੋਂ 20 ਜੂਨ) ਕੋਵਿਡ ਦੇ ਸਭ ਤੋਂ ਵੱਧ 4,41,976 ਨਵੇਂ ਮਾਮਲੇ ਸਾਹਮਣੇ ਆਏ। ਇਹ ਉਸ ਨਾਲੋਂ ਪਿਛਲੇ ਹਫ਼ਤੇ ਦੇ ਮੁਕਾਬਲੇ 30 ਫ਼ੀਸਦ ਘੱਟ ਹਨ। ਮੌਤ ਦੇ ਸਭ ਤੋਂ ਵੱਧ ਮਾਮਲੇ ਵੀ ਭਾਰਤ ’ਚੋਂ ਹੀ ਸਾਹਮਣੇ ਆਏ ਹਨ।
ਉੱਥੇ ਹੀ ਜਾਪਾਨ ਦੇ ਇਕ ਅਧਿਐਨ ਵਿਚ ਵੀ ਪਾਇਆ ਗਿਆ ਹੈ ਕਿ ਡੈਲਟਾ ਰੂਪ ਅਲਫਾ ਰੂਪ ਦੇ ਮੁਕਾਬਲੇ ਵਧੇਰੇ ਫੈਲਣ ਵਾਲੀ ਕਿਸਮ ਹੈ।
ਟੀਕੇ ਦੀ ਦੂਜੀ ਖੁਰਾਕ ਲੈਣ ਦੇ 14 ਦਿਨਾਂ ਬਾਅਦ ਡੈਲਟਾ ਤੇ ਅਲਫਾ ਰੂਪਾਂ ਕਾਰਨ ਹਸਪਤਾਲ ਵਿਚ ਭਰਤੀ ਹੋਣ ਦੀ ਸਥਿਤੀ ਪੇਸ਼ ਨਾ ਆਏ, ਇਸ ਲਈ ਫਾਇਜ਼ਰ ਤੇ ਬਾਇਓਐਨਟੈੱਕ-ਕੋਮਿਰਨੇਟੀ ਦੀ ਪ੍ਰਭਾਵ ਸਮਰੱਥਾ 96 ਫ਼ੀਸਦ ਤੇ 95 ਫ਼ੀਸਦ ਅਤੇ ਐਸਟ੍ਰਾਜ਼ੈਨੇਕਾ-ਵੈਕਸਜ਼ੈਵਰੀਆ ਦੀ ਕ੍ਰਮਵਾਰ ਪ੍ਰਭਾਵ ਸਮਰੱਥਾ ਕ੍ਰਮਵਾਰ 92 ਫ਼ੀਸਦ ਤੇ 86 ਫ਼ੀਸਦ ਦੇਖੀ ਗਈ ਹੈ। ਟੀਕੇ ਦੀ ਇਕ ਖੁਰਾਕ ਲੈਣ ਦੇ 21 ਦਿਨਾਂ ਬਾਅਦ ਵੀ ਇਨ੍ਹਾਂ ਟੀਕਿਆਂ ਦੀ ਡੈਲਟਾ ਤੇ ਅਲਫਾ ਰੂਪਾਂ ਖ਼ਿਲਾਫ਼ ਪ੍ਰਭਾਵ ਸਮਰੱਥਾ 94 ਫ਼ੀਸਦ ਤੇ 83 ਫ਼ੀਸਦ ਦੇਖੀ ਗਈ ਹੈ। -ਪੀਟੀਆਈ
ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦੀ ‘ਡੈਲਟਾ ਪਲੱਸ’ ਕਿਸਮ ਦੇ 5 ਕੇਸ, ਇਕ ਮੌਤ
ਭੋਪਾਲ: ਮੱਧ ਪ੍ਰਦੇਸ਼ ਵਿੱਚ ਕਰੋਨਾਵਾਇਰਸ ਦੀ ‘ਡੈਲਟਾ ਪਲੱਸ’ ਕਿਸਮ ਦੀ ਮਾਰ ਹੇਠ ਆਉਣ ਵਾਲੇ ਪੰਜ ਵਿਅਕਤੀਆਂ ਬਾਰੇ ਪਤਾ ਲੱਗਾ ਹੈ। ਇਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਗਈ ਹੈ। ਸੂਬੇ ਦੇ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਚਾਰ ਹੋਰ ਵਿਅਕਤੀ, ਜਿਨ੍ਹਾਂ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕੇ ਲੱਗੇ ਹਨ, ਦੀ ਹਾਲਤ ਠੀਕ ਹੈ। ਉਨ੍ਹਾਂ ਕਿਹਾ, ‘ਇਨ੍ਹਾਂ ਵਿੱਚੋਂ ਇਕ ਵਿਅਕਤੀ ਉਜੈਨ ਨਾਲ ਸਬੰਧਤ ਸੀ। ਉਸ ਦੀ ਮੌਤ ਹੋ ਗਈ ਤੇ ਉਸ ਦਾ ਟੀਕਾਕਰਨ ਵੀ ਨਹੀਂ ਹੋਇਆ ਸੀ।’ ਚੇਤੇ ਰਹੇ ਕਿ ਕੇਂਦਰ ਸਰਕਾਰ ਵੱਲੋਂ ‘ਡੈਲਟਾ ਪਲੱਸ’ ਨੂੰ ਫ਼ਿਕਰਮੰਦੀ ਵਾਲਾ ਵੇਰੀਐਂਟ ਐਲਾਨਿਆ ਜਾ ਚੁੱਕਾ ਹੈ। ਮੰਤਰੀ ਨੇ ਕਿਹਾ ਕਿ ਹੁਣ ਤੱਕ ਭੋਪਾਲ ਦੇ ਤਿੰਨ ਤੇ ਉਜੈਨ ਦੇ ਦੋ ਵਿਅਕਤੀ ‘ਡੈਲਟਾ ਪਲੱਸ’ ਕਿਸਮ ਨਾਲ ਪੀੜਤ ਪਾਏ ਗੲੇ ਹਨ। ਉਨ੍ਹਾਂ ਕਿਹਾ ਕਿ ਜੀਨੋਮ ਸੀਕੁਐਂਸਿੰਗ ਮਸ਼ੀ ਜਲਦੀ ਹੀ ਭੋਪਾਲ ਵਿੱਚ ਲਾਈ ਜਾਵੇਗੀ, ਜਿਸ ਮਗਰੋਂ ਨਮੂਨਿਆਂ ਨੂੰ ਦਿੱਲੀ ਭੇਜਣ ਦੀ ਲੋੜ ਨਹੀਂ ਪਏਗੀ। -ਪੀਟੀਆਈ