ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜੂਨ
ਸ਼੍ਰੋਮਣੀ ਅਕਾਲੀ ਦਲ ਨੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੂੰ ਕਿਹਾ ਕਿ ‘ਸਿਟ’ ਆਪਣਾ ਦਾਇਰਾ ਵਧਾ ਕੇ ਪਿਛਲੀ ਸਰਕਾਰ ਨੂੰ ਬਦਨਾਮ ਕਰਨ ਲਈ ਕਾਂਗਰਸ ਅਤੇ ‘ਆਪ’ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ। ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਸਾਜ਼ਿਸ਼ ਤਹਿਤ ਲਾਹਾ ਲੈਣ ਵਾਲਿਆਂ ਦੇ ਨਾਰਕੋ ਟੈਸਟ ਕਰਾਏ ਜਾਣ। ਮਜੀਠੀਆ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਹਾਈਕਮਾਨ ਵੱਲੋਂ ‘ਸਿਟ’ ਦੀ ਜਾਂਚ ਮੁਕੰਮਲ ਕਰਨ ਲਈ ਸਮਾਂ ਸੀਮਾ ਤੈਅ ਕੀਤੇ ਜਾਣ ਦੇ ਹੈਰਾਨੀ ਜ਼ਾਹਰ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਹੁਣ ‘ਸਿਟ’ ਕਿਸ ਦੇ ਹੁਕਮ ਮੰਨੇਗੀ ਹਾਈ ਕੋਰਟ ਦੇ ਜਾਂ ਫਿਰ ਕਾਂਗਰਸ ਹਾਈ ਕਮਾਂਡ ਦੇ?
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੀ ‘ਸਿਟ’ ਨੂੰ ਰਬੜ ਦੀ ਮੋਹਰ ਦੀ ਤਰ੍ਹਾਂ ਵਰਤਿਆ। ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਇਹ ਮੰਨ ਕੇ ਚੱਲ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਕਥਿਤ ਗ਼ੈਰਕਨੂੰਨੀ ਗ੍ਰਿਫ਼ਤਾਰੀ ਹੀ ਉਨ੍ਹਾਂ ਦੀ ਭਰੋਸੇਯੋਗਤਾ ਬਹਾਲ ਕਰਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਾਨੂੰਨ ਦੀ ਉਲੰਘਣਾ ਕਰਕੇ ਵਿਖਾਏ। ਆਗੂਆਂ ਨੇ ਕਿਹਾ ਕਿ ਸਾਜ਼ਿਸ਼ ਬੇਨਕਾਬ ਕਰਨ ਲਈ ਅਰਵਿੰਦ ਕੇਜਰੀਵਾਲ ਦਾ ਵੀ ਨਾਰਕੋ ਟੈਸਟ ਕਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਜੀਲੈਂਸ ਵਿਭਾਗ ਦਾ ਕੇਸ ਵਿਚ ਦਖ਼ਲ ਦੇਣਾ ਸੰਕੇਤ ਦਿੰਦਾ ਹੈ ਕਿ ਵਿਜੀਲੈਂਸ ਡਾਇਰੈਕਟਰ ਬੀ ਕੇ ਉਪੱਲ ਅਤੇ ਸਲਾਹਕਾਰ ਬੀਆਈਐੱਸ ਚਹਿਲ ਸਾਰਾ ਸ਼ੋਅ ਆਪ ਚਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ’ਚ ਖਾਨਾਜੰਗੀ ਸ਼ੁਰੂ ਹੋ ਗਈ ਹੈ ਤੇ ਪਾਰਟੀ ਆਗੂ ਇਕ ਦੂਜੇ ’ਤੇ ਪੰਜਾਬ ਨਾਲ ਧੋਖਾ ਕਰਨ ਦੇ ਦੋਸ਼ ਲਗਾ ਰਹੇ ਹਨ ਤੇ ਹੈਰਾਨੀ ਵਾਲੀ ਗੱਲ ਹੈ ਕਿ ਇਹ ਆਗੂ ਇਕ ਦੂਜੇ ਦੇ ਸੱਚ ਜਨਤਕ ਕਰ ਰਹੇ ਹਨ।
ਮਜੀਠੀਆ ਨੇ ਸਪਸ਼ਟ ਕੀਤਾ ਕਿ ਕਾਂਗਰਸੀ ਵਿਧਾਇਕ ਫਤਿਹ ਜੰਗ ਬਾਜਵਾ ਆਪ ਮੁਹਾਰੇ ਆਪਣੇ ਪੁੱਤਰ ਨੂੰ ਦਿੱਤੀ ਸਰਕਾਰੀ ਨੌਕਰੀ ਨਹੀਂ ਛੱਡ ਰਹੇ ਬਲਕਿ ਅਕਾਲੀ ਦਲ ਨੇ ਉਨ੍ਹਾਂ ਨੂੰ ਅਜਿਹਾ ਕਰਨ ਵਾਸਤੇ ਮਜਬੂਰ ਕੀਤਾ ਹੈ। ਉਹ ਹੁਣ ਆਉਂਦੇ ਦਿਨਾਂ ਵਿਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਵੀ ਡੀਐੱਸਪੀ ਦਾ ਅਹੁਦਾ ਛੱਡਣ ਲਈ ਮਜਬੂਰ ਕਰਨਗੇ ਨਹੀਂ ਤਾਂ ਅਕਾਲੀ ਸਰਕਾਰ ਬਣਨ ’ਤੇ ਉਸ ਨੂੰ ਬਰਖ਼ਾਸਤ ਕਰਾਂਗੇ।